Sunday, September 13
Shadow

ਪੰਜਾਬ ਪੁਲਿਸ ਨੇ ਗੁਰਦਾਸਪੁਰ ‘ਚ ਪਿੱਛਾ ਕਰਦਿਆਂ ਗੈਂਗਸਟਰ ਬੁਰੀ ਬਸੰਤਕੋਟੀਆ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਕਾਬੂ; ਛੇ ਪਿਸਤੌਲ ਬਰਾਮਦ

ਚੰਡੀਗੜ੍ਹ/ਗੁਰਦਾਸਪੁਰ, 13 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਗੁਰਦਾਸਪੁਰ ਪੁਲਿਸ ਨੇ ਕੇਂਦਰੀ ਏਜੰਸੀ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਪਿੱਛਾ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਛੇ ਪਿਸਤੌਲਾਂ ਜਿਨ੍ਹਾਂ ਵਿੱਚ ਇੱਕ 9ਐਮਐਮ ਬੇਰੇਟਾ ਅਤੇ ਇੱਕ 9 ਐਮਐਮ ਗਲਾਕ ਸ਼ਾਮਲ ਹੈ, ਸਮੇਤ 49 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਅਲੂਨਾ, ਗੁਰਦਾਸਪੁਰ; ਕਰਨ ਕੁਮਾਰ ਵਾਸੀ ਭਾਉਪੁਰ ਅਫਗਾਨਾ, ਗੁਰਦਾਸਪੁਰ; ਬਲਰਾਜ ਸਿੰਘ ਉਰਫ਼ ਬੁਰੀ ਵਾਸੀ ਬਸੰਤਕੋਟ, ਗੁਰਦਾਸਪੁਰ; ਅਮਰੀਕ ਸਿੰਘ ਉਰਫ਼ ਸੋਨੂੰ ਜੋੜੀਆਂ ਕਲਾਂ, ਡੇਰਾ ਬਾਬਾ ਨਾਨਕ, ਗੁਰਦਾਸਪੁਰ ਅਤੇ ਮਨਜਿੰਦਰ ਸਿੰਘ ਉਰਫ਼ ਮੰਗੂ ਵਾਸੀ ਉੱਪਲ, ਗੁਰਦਾਸਪੁਰ ਵਾਲੇ ਵਜੋਂ ਹੋਈ ਹੈ। ਹਥਿਆਰ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਮਹਿੰਦਰਾ ਸਕਾਰਪੀਓ ਕਾਰ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀਬੀ 06 ਬੀਪੀ 3908 ਹੈ, ਨੂੰ ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਖੇਪ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਦੀਆਂ ਅਗਲੀਆਂ-ਪਿਛਲੀਆਂ ਕੜੀਆਂ ਦਾ ਪਤਾ ਲਗਾਉਣ ਅਤੇ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਗੁਰਦਾਸਪੁਰ ਆਦਿਤਿਆ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ, ਸਪੈਸ਼ਲ ਬ੍ਰਾਂਚ ਗੁਰਦਾਸਪੁਰ, ਥਾਣਾ ਡੋਰਾਂਗਲਾ ਅਤੇ ਥਾਣਾ ਬਹਿਰਾਮਪੁਰ ਦੀ ਪੁਲਿਸ ਟੀਮ ਨੇ ਪਿੰਡ ਨੂਰਪੁਰ ਥੇਹ ਦੇ ਚੌਰਾਹੇ ‘ਤੇ ਖੜ੍ਹੀ ਇੱਕ ਮਹਿੰਦਰਾ ਸਕਾਰਪੀਓ ਗੱਡੀ ਦੇਖੀ, ਜਿਸ ਵਿੱਚ ਦੋ ਵਿਅਕਤੀ ਗੱਡੀ ਦੇ ਬਾਹਰ ਖੜ੍ਹੇ ਸਨ ਅਤੇ ਤਿੰਨ ਵਿਅਕਤੀ ਗੱਡੀ ਦੇ ਅੰਦਰ ਬੈਠੇ ਹੋਏ ਸਨ।

ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖਦਿਆਂ ਹੀ ਡਰਾਈਵਰ ਨੇ ਤੇਜ਼ੀ ਨਾਲ ਭਜਾ ਗੱਡੀ ਲਈ, ਪਰ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਹੀ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ।

ਐਸਐਸਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸਕੋਰਪੀਓ ਕਾਰ ਦਾ ਪਿੱਛਾ ਕੀਤਾ ਅਤੇ ਥਾਣਾ ਕਲਾਨੌਰ ਦੇ ਇਲਾਕੇ ਵਿੱਚ ਸਫਲਤਾਪੂਰਵਕ ਗੱਡੀ ਨੂੰ ਰੋਕ ਕੇ ਗੈਂਗਸਟਰ ਬਲਰਾਜ ਸਿੰਘ ਉਰਫ਼ ‘ਬੁਰੀ ਬਸੰਤਕੋਟੀਆ’ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਮੈਗਜ਼ੀਨਾਂ ਸਮੇਤ ਕੁੱਲ ਛੇ ਪਿਸਤੌਲ ਅਤੇ 49 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਐਸਐਸਪੀ ਆਦਿਤਿਆ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਬਲਰਾਜ ਉਰਫ਼ ਬੁਰੀ ਬਸੰਤਕੋਟੀਆ ਇੱਕ ਬਦਨਾਮ ਅਪਰਾਧੀ ਹੈ ਅਤੇ ਉਸ ਵਿਰੁੱਧ ਕਤਲ, ਇਰਾਦਾ ਕਤਲ, ਅਸਲਾ ਐਕਟ ਅਤੇ ਐਨਡੀਪੀਐਸ  ਐਕਟ ਤਹਿਤ 26 ਐਫਆਈਆਰਜ਼  ਦਰਜ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ, ਐਫਆਈਆਰ ਨੰਬਰ 96 ਮਿਤੀ 13.09.2026 ਨੂੰ ਥਾਣਾ ਡੋਰਾਂਗਲਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25(8) ਅਤੇ 27 ਤਹਿਤ ਦਰਜ ਕੀਤੀ ਗਈ ਹੈ।