Sunday, August 9
Shadow

ਸਪੀਕਰ ਸੰਧਵਾਂ ਵੱਲੋਂ ਹਾਦਸੇ ਦੌਰਾਨ ਤਿੰਨ ਕਾਵੜੀਆਂ ਦੀ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

 ਕੋਟਕਪੂਰਾ, 09 ਅਗਸਤ – ਫਰੀਦਕੋਟ ਜਿਲ੍ਹੇ ਦੇ ਹਲਕਾ ਕੋਟਕਪੂਰਾ ਦੇ ਤਿੰਨ ਕਾਵੜੀਆਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਸ਼ਹਿਰ ਵਿਚ ਸੋਗ ਦੀ ਲਹਿਰ। ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸ਼ਰਧਾਲੂਆਂ ਨਾਲ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਹੋਈ ਤਿੰਨ ਵਿਅਕਤੀਆਂ ਦੀ ਮੌਤ ’ਤੇ ਡੂੰਘੇ ਦੁੱਖ ਪ੍ਰਗਟਾਵਾ ਕੀਤਾ ਹੈ। ਉਹ ਆਪਣੇ ਕੋਟਕਪੂਰਾ ਦੇ ਸਾਰੇ ਪ੍ਰੋਗਰਾਮ ਕੈਂਸਲ ਕਰਕੇ ਸਰਹੰਦ ਲਈ ਰਵਾਨਾ ਹੋ ਗਏ।

ਸ. ਸੰਧਵਾ ਨੇ ਦੱਸਿਆ ਕਿ ਗੰਗੋਤਰੀ ਤੋਂ ਪਵਿੱਤਰ ਗੰਗਾ ਜਲ ਲੈ ਕੇ ਵਾਪਸ ਆ ਰਹੇ ਕੋਟਕਪੂਰਾ ਦੇ ਤਿੰਨ ਸ਼ਰਧਾਲੂਆਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ । ਇਹ ਹਾਦਸਾ ਅੱਜ ਸਵੇਰੇ ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਵਿਚਕਾਰ ਹਾਈਵੇਅ ਤੇ ਵਾਪਰਿਆ । ਮ੍ਰਿਤਕਾਂ ਦੀ ਪਛਾਣ ਜਗਦੀਸ਼ ਮਿੱਤਲ ਪੁੱਤਰ ਵੇਦ ਪ੍ਰਕਾਸ਼ ਵਾਸੀ ਡਾਕਟਰ ਹਰਪਾਲ ਗਲੀ ਕੋਟਕਪੂਰਾ ਉਮਰ 40 ਸਾਲ, ਮਹਿੰਦਰ ਪਾਲ ਪੁੱਤਰ ਪ੍ਰਕਾਸ਼ ਚੰਦ ਵਾਸੀ ਹਰੀਨੌਂ ਰੋਡ ਕੋਟਕਪੂਰਾ ਉਮਰ 43 ਸਾਲ ਅਤੇ ਦੀਪਕ ਕੁਮਾਰ ਪੁੱਤਰ ਰਾਮ ਚੰਦ ਵਾਸੀ ਸੁਰਗਾਪੁਰੀ ਕੋਟਕਪੂਰਾ  ਉਮਰ 42 ਸਾਲ ਵਜੋਂ ਹੋਈ। ਉਨ੍ਹਾਂ ਇਸ ਹਾਦਸੇ ਵਿੱਚ ਇੱਕ ਸ਼ਰਧਾਲੂ ਮੁਕੇਸ਼ ਗੋਇਲ ਜਖਮੀ ਹੋ ਗਿਆ।

ਸ. ਸੰਧਵਾਂ ਨੇ ਕਿਹਾ ਕਿ ਤਿੰਨ ਕੀਮਤੀ ਜਾਨਾਂ ਦਾ ਚਲੇ ਜਾਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਦੁਖੀ ਪਰਿਵਾਰਾਂ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਦੇਣ ਲਈ ਅਰਦਾਸ ਕੀਤੀ। ਉਨ੍ਹਾਂ ਜ਼ਖ਼ਮੀ ਸ਼ਰਧਾਲੂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਾਵੜ ਯਾਤਰਾ ਦੌਰਾਨ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੀ ਤੇ ਹੋਰਨਾਂ ਦੀ ਸੁਰੱਖਿਆ ਨੂੰ ਪਹਿਲ ਦੇਣ।
ਸਪੀਕਰ ਸ.ਕੁਲਤਾਰ ਸੰਧਵਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਤਿੰਨੋਂ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਜ਼ਖ਼ਮੀ ਹੋਏ ਵਿਅਕਤੀ ਦਾ ਪੰਜਾਬ ਸਰਕਾਰ ਦੀ ਤਰਫੋਂ ਮੁਫ਼ਤ ਇਲਾਜ ਕਰਵਾਇਆ ਜਾਵੇਗਾ ਅਤੇ ਲੋੜੀਂਦੀ ਹਰ ਸੰਭਵ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।