Friday, August 7
Shadow

ਜ਼ਿਲ੍ਹਾ ਗੁਰਦਾਸਪੁਰ ਵਿੱਚ ਵੋਟਰਾਂ ਦੀ ਘਰ-ਘਰ ਜਾ ਕੇ ਤਸਦੀਕ ਦਾ ਕੰਮ ਸਫਲਤਾਪੂਰਵਕ ਮੁਕੰਮਲ

ਗੁਰਦਾਸਪੁਰ, 7 ਅਗਸਤ- ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ) ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੋਟਰਾਂ ਦੀ ਘਰ-ਘਰ ਜਾ ਕੇ ਤਸਦੀਕ (ਹਾਊਸ ਟੂ ਹਾਊਸ ਵੈਰੀਫਿਕੇਸ਼ਨ) ਦਾ ਕੰਮ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਸ਼੍ਰੀ ਆਦਿਤਿਆ ਉੱਪਲ ਨੇ ਅੱਜ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਦਿੱਤੀ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ 25 ਜੂਨ ਤੋਂ 03 ਅਗਸਤ 2026 ਤੱਕ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਬੂਥ ਲੈਵਲ ਅਫ਼ਸਰਾਂ ਵੱਲੋਂ ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀ.ਐੱਲ.ਓਜ਼. ਨੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ, ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮੁਹਿੰਮ ਦੀ ਸ਼ੁਰੂਆਤ ਸਮੇਂ ਜ਼ਿਲ੍ਹੇ ਵਿੱਚ ਕੁੱਲ 12,93,682 ਵੋਟਰ ਦਰਜ ਸਨ। ਘਰ-ਘਰ ਤਸਦੀਕ ਦੌਰਾਨ 11,83,552 ਇਨੂਮਰੇਸ਼ਨ ਫਾਰਮ ਪ੍ਰਾਪਤ ਹੋਏ, ਜਦਕਿ 1,08,473 ਵੋਟਰ ਗੈਰ-ਹਾਜ਼ਰ, ਤਬਦੀਲ-ਨਿਵਾਸੀ, ਮ੍ਰਿਤਕ, ਡੁਪਲੀਕੇਟ ਜਾਂ ਹੋਰ ਕਾਰਨਾਂ ਵਾਲੀ ਸ਼੍ਰੇਣੀ ਵਿੱਚ ਪਾਏ ਗਏ।

ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਕਾਰਜਕ੍ਰਮ ਅਨੁਸਾਰ 13 ਅਗਸਤ 2026 ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾਵੇਗੀ। ਇਸ ਉਪਰੰਤ 13 ਅਗਸਤ ਤੋਂ 12 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਸ ਮਿਆਦ ਦੌਰਾਨ ਜਿਨ੍ਹਾਂ ਯੋਗ ਨਾਗਰਿਕਾਂ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ, ਉਹ ਫਾਰਮ-6 ਰਾਹੀਂ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਆਪਣੇ ਵੇਰਵਿਆਂ ਵਿੱਚ ਸੋਧ, ਰਿਹਾਇਸ਼ ਦੀ ਤਬਦੀਲੀ, ਨਾਮ ਕਟਵਾਉਣ ਜਾਂ ਹੋਰ ਲੋੜੀਂਦੀਆਂ ਤਬਦੀਲੀਆਂ ਲਈ ਵੀ ਨਿਰਧਾਰਤ ਫਾਰਮ ਜਮ੍ਹਾਂ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਵੋਟਰ ਆਪਣੇ ਨਾਮ ਦੀ ਪੁਸ਼ਟੀ ਸਬੰਧਤ ਬੂਥ ਲੈਵਲ ਅਫ਼ਸਰ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਦੇ ਦਫ਼ਤਰ ਜਾਂ ਭਾਰਤ ਚੋਣ ਕਮਿਸ਼ਨ ਵੱਲੋਂ ਉਪਲਬਧ ਕਰਵਾਏ ਗਏ ਅਧਿਕਾਰਤ ਆਨਲਾਈਨ ਪਲੇਟਫਾਰਮਾਂ ਰਾਹੀਂ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਦਾ ਕੰਮ ਵੀ ਸਫਲਤਾਪੂਰਵਕ ਮੁਕੰਮਲ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1553 ਤੋਂ ਵੱਧ ਕੇ 1600 ਹੋ ਗਈ ਹੈ ਅਤੇ 47 ਨਵੇਂ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਸ ਨਾਲ ਵੋਟਰਾਂ ਨੂੰ ਹੋਰ ਵੀ ਸੁਵਿਧਾਜਨਕ ਅਤੇ ਆਸਾਨ ਮਤਦਾਨ ਸਹੂਲਤਾਂ ਪ੍ਰਦਾਨ ਹੋਣਗੀਆਂ।

ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਆਪਣੇ ਨਾਮ ਅਤੇ ਵੇਰਵਿਆਂ ਦੀ ਜ਼ਰੂਰ ਜਾਂਚ ਕਰਵਾਉਣ ਅਤੇ ਜਿੱਥੇ ਲੋੜ ਹੋਵੇ, ਨਿਰਧਾਰਤ ਫਾਰਮ ਜਮ੍ਹਾਂ ਕਰਵਾ ਕੇ ਵੋਟਰ ਸੂਚੀਆਂ ਨੂੰ ਸ਼ੁੱਧ, ਸਹੀ ਅਤੇ ਅੱਪਡੇਟ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਉਨ੍ਹਾਂ ਦੱਸਿਆ ਕਿ 16 ਅਗਸਤ ਨੂੰ ਸਮੂਹ ਬੂਥ ਲੈਵਲ ਅਫਸਰ ਆਪਣੇ ਬੂਥਾਂ ‘ਤੇ ਬੈਠਣਗੇ। ਜੇਕਰ ਡਰਾਫਟ ਵੋਟਰ ਸੂਚੀ ਵਿੱਚ ਕਿਸੇ ਵੋਟਰ ਦਾ ਨਾਮ ਦਰਜ ਨਹੀ ਹੈ, ਤਾਂ ਉਹ 13 ਅਗਸਤ 2026 ਤੋਂ  12 ਸਤੰਬਰ 2026 ਤੱਕ ਆਪਣਾ ਫਾਰਮ ਨੰਬਰ 6 ਭਰ ਕੇ ਆਪਣੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਜਾਂ ਆਪਣੇ ਬੂਥ ਲੈਵਲ ਅਫ਼ਸਰ ਨੂੰ ਦੇ ਸਕਦੇ ਹਨ । ਇਸ ਤੋਂ ਇਲਾਵਾ ਵੇਰਵਿਆਂ ਦੀ ਸੋਧ ਲਈ ਫਾਰਮ ਨੰਬਰ 8 ਅਤੇ ਵੋਟ ਦੀ ਕਟੌਤੀ ਲਈ ਫਾਰਮ 7 ਵੀ ਮੌਕੇ ‘ਤੇ ਦਿੱਤਾ ਜਾ ਸਕਦਾ ਹੈ ।

ਉਨ੍ਹਾਂ ਘਰ-ਘਰ ਤਸਦੀਕ ਮੁਹਿੰਮ ਨੂੰ ਨਿਰਧਾਰਤ ਸਮੇਂ ਅੰਦਰ ਸਫਲਤਾਪੂਰਵਕ ਮੁਕੰਮਲ ਕਰਨ ਲਈ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਬੂਥ ਲੈਵਲ ਅਫ਼ਸਰਾਂ, ਸੁਪਰਵਾਈਜ਼ਰਾਂ ਅਤੇ ਸਮੁੱਚੇ ਚੋਣ ਅਮਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਵੀ ਧੰਨਵਾਦ ਪ੍ਰਗਟਾਇਆ।

ਇਸ ਮੌਕੇ ਮਨਜਿੰਦਰ ਸਿੰਘ ਬਾਜਵਾ ਚੋਣ ਤਹਿਸੀਲਦਾਰ ਗੁਰਦਾਸਪੁਰ, ਭਾਰਤ ਭੂਸ਼ਣ ਸ਼ਰਮਾ, ਚੇਅਰਮੈਨ, ਮਾਰਕੀਟ ਕਮੇਟੀ, ਆਮ ਆਦਮੀ ਪਾਰਟੀ, ਗੁਰਦਾਸਪੁਰ, ਸੁਖਦੇਵ ਰਾਜ, ਕੋਆਰਡੀਨੇਟਰ, ਆਮ ਆਦਮੀ ਪਾਰਟੀ, ਗੁਰਦਾਸਪੁਰ, ਜਗਜੀਤ ਸਿੰਘ ਜਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਗੁਰਦਾਸਪੁਰ, ਤੇਜਵੀਰ ਸਿੰਘ, ਪੀ.ਏ. ਤੋਂ ਜਿਲ੍ਹਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ, ਗੁਰਵਿੰਦਰ ਲਾਲ, ਦਫਤਰ ਸਕੱਤਰ, ਇੰਡੀਅਨ ਨੈਸ਼ਨਲ ਕਾਂਗਰਸ, ਗੁਰਦਾਸਪੁਰ, ਰਾਜਨ ਗੋਇਲ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਗੁਰਦਾਸਪੁਰ ਅਤੇ ਸੁਖਵਿੰਦਰ ਸਿੰਘ ਦਫਤਰ ਸਕੱਤਰ ਆਮ ਆਦਮੀ ਪਾਰਟੀ ਗੁਰਦਾਸਪੁਰ ਮੌਜੂਦ ਸਨ।