Monday, August 3
Shadow

ਚੋਣ ਕਮਿਸ਼ਨ ਵੱਲੋਂ ਪੋਲਿੰਗ ਸਟੇਸ਼ਨਾਂ ਦੀ ਨਵੀਂ ਸੂਚੀ ਸਬੰਧੀ ਜਨਤਕ ਨੋਟਿਸ ਜਾਰੀ

ਮਾਲੇਰਕੋਟਲਾ, 03 ਅਗਸਤ:

                     ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ Representation of the People Act, 1951 ਦੀ ਧਾਰਾ 25 ਅਧੀਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਵੱਲੋਂ ਵਿਧਾਨ ਸਭਾ ਹਲਕਾ 105-ਮਾਲੇਰਕੋਟਲਾ ਅਤੇ 106-ਅਮਰਗੜ੍ਹ ਲਈ ਪੋਲਿੰਗ ਸਟੇਸ਼ਨਾਂ ਦੀ ਨਵੀਂ ਸੂਚੀ ਸਬੰਧੀ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ। ਚੋਣ ਕਮਿਸ਼ਨ ਦੀ ਪ੍ਰਵਾਨਗੀ ਉਪਰੰਤ ਤਿਆਰ ਕੀਤੀ ਗਈ ਇਹ ਸੂਚੀ ਹੁਣ ਜਨਤਕ ਨਿਰੀਖਣ ਲਈ ਉਪਲਬਧ ਕਰਵਾ ਦਿੱਤੀ ਗਈ ਹੈ।

                    ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰਾਂ ਨੂੰ ਆਪਣੇ ਮਤ ਅਧਿਕਾਰ ਦੀ ਵਰਤੋਂ ਹੋਰ ਸੁਖਾਲੇ ਅਤੇ ਸੁਚਾਰੂ ਢੰਗ ਨਾਲ ਕਰਨ ਲਈ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 400 ਤੋਂ ਵਧਾ ਕੇ 406 ਕਰ ਦਿੱਤੀ ਗਈ ਹੈ। ਇਸ ਤਹਿਤ ਵਿਧਾਨ ਸਭਾ ਹਲਕਾ 105-ਮਾਲੇਰਕੋਟਲਾ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 201 ਤੋਂ ਵਧਾ ਕੇ 206 ਅਤੇ ਵਿਧਾਨ ਸਭਾ ਹਲਕਾ 106-ਅਮਰਗੜ੍ਹ ਵਿੱਚ 199 ਤੋਂ ਵਧਾ ਕੇ 200 ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵੋਟਰਾਂ ਨੂੰ ਆਪਣੇ ਨੇੜੇ ਪੋਲਿੰਗ ਸਟੇਸ਼ਨ ਦੀ ਸਹੂਲਤ ਮਿਲੇਗੀ ਅਤੇ ਮਤਦਾਨ ਪ੍ਰਕਿਰਿਆ ਹੋਰ ਸੁਚਾਰੂ ਅਤੇ ਸੁਵਿਧਾਜਨਕ ਬਣੇਗੀ।

                       ਵਿਰਾਜ ਐਸ.ਤਿੜਕੇ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਸੂਚੀ ਜ਼ਿਲ੍ਹਾ ਚੋਣ ਦਫ਼ਤਰ, ਸਬੰਧਤ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ.) ਦਫ਼ਤਰਾਂ, ਚੋਣ ਰਜਿਸਟ੍ਰੇਸ਼ਨ ਅਫ਼ਸਰਾਂ (ERO) ਅਤੇ ਸਹਾਇਕ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ (AERO) ਦੇ ਦਫ਼ਤਰਾਂ ਵਿੱਚ ਜਨਤਕ ਨਿਰੀਖਣ ਲਈ ਉਪਲਬਧ ਹੈ। ਇਸ ਸਬੰਧੀ ਸਾਰੇ ਮਾਨਤਾ ਪ੍ਰਾਪਤ ਰਾਜਨੀਤਿਕ ਦਲਾਂ, ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

                    ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਸਥਾਵਾਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਪੋਲਿੰਗ ਸਟੇਸ਼ਨਾਂ ਦੀ ਸੂਚੀ ਦਾ ਧਿਆਨਪੂਰਵਕ ਨਿਰੀਖਣ ਕਰਨ । ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦਾ ਮੁੱਖ ਉਦੇਸ਼ ਵੋਟਰਾਂ ਨੂੰ ਵੱਧ ਤੋਂ ਵੱਧ ਸਹੂਲਤ ਪ੍ਰਦਾਨ ਕਰਦਿਆਂ ਚੋਣ ਪ੍ਰਬੰਧ ਨੂੰ ਹੋਰ ਪਾਰਦਰਸ਼ੀ, ਨਿਰਪੱਖ, ਸੁਚਾਰੂ ਅਤੇ ਲੋਕ-ਕੇਂਦਰਿਤ ਬਣਾਉਣਾ ਹੈ।