Wednesday, May 6
Shadow

ਸੰਸਦ ਮੈਂਬਰ ਮੀਤ ਹੇਅਰ ਵਲੋਂ 70 ਕਰੋੜ ਦੀ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦੀ ਸ਼ੁਰੂਆਤ

ਹੰਡਿਆਇਆ (ਬਰਨਾਲਾ), 6 ਮਈ-      ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਹੰਡਿਆਇਆ ਕੈਂਚੀਆਂ ਵਿਖੇ ਬਰਨਾਲਾ ਸ਼ਹਿਰ ਦੇ 69 ਕਰੋੜ ਤੋਂ ਵੱਧ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ।
     ਇਸ ਮੌਕੇ ਸੰਬੋਧਨ ਕਰਦੇ ਹੋਏ ਐਮ ਪੀ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਸ਼ਹਿਰ ਵਿਚ ਸੀਵਰੇਜ ਅਤੇ ਜਲ ਸਪਲਾਈ ਨੂੰ ਬਿਹਤਰ ਬਣਾਉਣ ਲਈ 83 ਕਰੋੜ ਰੁਪਏ ਖਰਚੇ ਜਾਣੇ ਹਨ। ਓਹਨਾਂ ਦੱਸਿਆ ਕਿ 6963.55 ਲੱਖ ਰੁਪਏ ਸਿਰਫ ਸੀਵਰੇਜ ਦੇ ਨਿਕਾਸੀ ਸਿਸਟਮ ਲਈ ਖਰਚੇ ਜਾਣੇ ਹਨ ਤੇ ਇਸ ਕੰਮ ਲਈ ਟੈਂਡਰ ਲੱਗਣ ਤੋਂ ਬਾਅਦ ਹੁਣ ਸ਼ੁਰੂਆਤ ਹੋ ਗਈ ਹੈ। ਓਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਬਰਨਾਲਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ 65 ਕਿਲੋਮੀਟਰ ਲੰਬੀ ਪਾਇਪਲਾਈਨ ਪਾਈ ਜਾਣੀ ਹੈ ਜਿਸ ਮਗਰੋਂ ਸੀਵਰੇਜ ਦੀ ਕੋਈ ਸਮੱਸਿਆ ਨਹੀਂ ਰਹੇਗੀ।
   ਓਹਨਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਕਰੋੜਾਂ ਰੁਪਏ ਦੇ ਫੰਡ ਬਰਨਾਲਾ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਜਾ ਰਹੇ ਹਨ। ਓਹਨਾਂ ਕਿਹਾ ਕਿ ਜਿੱਥੇ ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਓਥੇ ਸੜਕਾਂ ਚੌੜੀਆਂ (10 ਤੋਂ 18 ਫੁੱਟ) ਵੀ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 300 ਕਰੋੜ ਰੁਪਏ ਸਿਰਫ ਜਲ ਸਰੋਤ ਮਹਿਕਮੇ ਰਾਹੀਂ ਲਿਆਂਦੇ ਗਏ ਹਨ ਜਿਸ ਨਾਲ ਖੇਤਾਂ ਵਿਚ ਪਾਈਪਲਾਈਨਾਂ ਪਾਈਆਂ ਗਈਆਂ ਹਨ, ਇਸ ਤੋਂ ਇਲਾਵਾ ਮੋਘੇ ਨਵੇਂ ਕੱਢਣ ਦੇ ਨਾਲ ਨਾਲ ਖਾਲ ਬਹਾਲ ਕੀਤੇ ਗਏ ਹਨ।
ਓਹਨਾਂ ਦਾਅਵਾ ਕੀਤਾ ਕਿ ਇਨ੍ਹਾਂ ਉਪਰਾਲਿਆਂ ਨਾਲ ਇਲਾਕੇ ਵਿਚ ਪਾਣੀ ਦਾ ਪੱਧਰ ਹੋਰ ਨੀਵਾਂ ਜਾਣ ਤੋਂ ਰੁਕਿਆ ਹੈ, ਕਿਉੰਕਿ ਨਹਿਰੀ ਪਾਣੀ ਦੀ ਲਾਗਤ ਵਧੀ ਹੈ। ਓਹਨਾਂ ਕਿਹਾ ਕਿ ਬਰਨਾਲਾ ਹਲਕੇ ਵਿਚ ਆਉਂਦੇ ਦਿਨੀ ਹੋਰ ਵੀ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਐਕਸੀਅਨ ਸੀਵਰੇਜ ਬੋਰਡ ਐੱਸ ਐੱਸ ਢਿੱਲੋਂ, ਗੁਰਜੀਤ ਸਿੰਘ ਰਾਮਨਵਾਸੀਆ, ਨਛੱਤਰ ਸਿੰਘ (ਸਟੈਂਡਰਡ ਕੰਬਾਈਨ), ਮੱਖਣ ਸਿੰਘ (ਬਲਕਾਰ ਕੰਬਾਈਨ), ਗੁਰਮੇਲ ਸਿੰਘ ਤੇ ਇਲਾਕੇ ਦੇ ਹੋਰ ਪਤਵੰਤੇ ਮੌਜੂਦ ਸਨ।