Thursday, April 16
Shadow

ਅੰਬਾਲਾ ਕੈਂਟ ਡੋਮੇਸਟਿਕ ਏਅਰਪੋਰਟ ਦਾ ਉਦਘਾਟਨ ਹੋਵੇਗਾ ਜਲਦ, ਪੈਂਡਿੰਗ ਕਾਰਜ ਜਲਦੀ ਪੂਰੇ ਕਰਨ ਦੇ ਨਿਰਦੇਸ਼ – ਊਰਜਾ ਮੰਤਰੀ ਅਨਿਲ ਵਿੱਜ

ਚੰਡੀਗੜ੍ਹ, 16 ਅਪ੍ਰੈਲ – ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਿਹਾ ਕਿ ਅੰਬਾਲਾ ਕੈਂਟ ਵਿੱਚ ਬਣੇ ਡੋਮੇਸਟਿਕ ਏਅਰਪੋਰਟ ਦਾ ਉਦਘਾਟਨ ਜਲਦੀ ਹੀ ਕੀਤਾ ਜਾਵੇਗਾ। ਇਸ ਸਬੰਧੀ ਅੱਜ ਹਰਿਆਣਾ ਸਿਵਲ ਏਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਆਯੋਜਿਤ ਮੀਟਿੰਗ ਵਿੱਚ ਏਅਰਪੋਰਟ ਦੇ ਬਾਕੀ ਰਹਿੰਦੇ ਕੰਮਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ।

ਅੰਬਾਲਾ ਕੈਂਟ ਏਅਰਪੋਰਟ ਦਾ ਦੌਰਾ ਕਰੇਗੀ ਤਕਨੀਕੀ ਟੀਮ – ਵਿੱਜ

ਮੀਟਿੰਗ ਦੀ ਅਗਵਾਈ ਕਰਦਿਆਂ ਸ੍ਰੀ ਵਿੱਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਗਠਿਤ ਕਰਕੇ ਏਅਰਪੋਰਟ ਦਾ ਨਿਰੀਖਣ ਕੀਤਾ ਜਾਵੇ, ਤਾਂ ਜੋ ਤਕਨੀਕੀ ਤੌਰ ‘ਤੇ ਪੈਂਡਿੰਗ ਕੰਮਾਂ ਨੂੰ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਨੇ ਸੀਸੀਟੀਵੀ ਇੰਸਟਾਲੇਸ਼ਨ, ਕੰਟਰੋਲ ਰੂਮ ਦੀ ਸਥਾਪਨਾ, ਸੁਰੱਖਿਆ ਪ੍ਰਬੰਧ, ਆਨਲਾਈਨ ਯੂਪੀਐਸ, ਛੋਟੇ ਸਿਵਲ ਕੰਮ ਅਤੇ ਦਫਤਰੀ ਲੋੜਾਂ ਨਾਲ ਜੁੜੇ ਹੋਰ ਕੰਮਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਟਾਫ ਅਤੇ ਵਾਹਨਾਂ ਦੀ ਉਪਲਬਧਤਾ ਨੂੰ ਲੈ ਕੇ ਵੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਦੂਜੇ ਪਾਸੇ, ਸ੍ਰੀ ਵਿੱਜ ਨੇ ਅਧਿਕਾਰੀਆਂ ਨੂੰ ਕਾਰਗੋ ਦੀ ਸਹੂਲਤ ਲਈ ਆਫ-ਏਅਰਪੋਰਟ ਏਅਰ ਟਰਮੀਨਲ ਸਥਾਪਿਤ ਕਰਨ ਦੇ ਸਬੰਧ ਵਿੱਚ ਵੀ ਨਿਰਦੇਸ਼ ਦਿੱਤੇ।

ਅੰਬਾਲਾ ਕੈਂਟ ਵਿੱਚ ਏਅਰਪੋਰਟ ਸਥਾਪਿਤ ਹੋਣ ਨਾਲ ਵਪਾਰਕ ਗਤੀਵਿਧੀਆਂ ਨੂੰ ਮਿਲੇਗਾ ਹੁਲਾਰਾ – ਵਿੱਜ

ਊਰਜਾ ਮੰਤਰੀ ਨੇ ਕਿਹਾ ਕਿ ਅੰਬਾਲਾ ਕੈਂਟ ਇੱਕ ਪ੍ਰਮੁੱਖ ਜੰਕਸ਼ਨ ਹੈ ਅਤੇ ਇੱਥੋਂ ਹਵਾਈ ਸੇਵਾਵਾਂ ਸ਼ੁਰੂ ਹੋਣ ‘ਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਵਪਾਰਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਕੁਰੂਕਸ਼ੇਤਰ, ਯਮੁਨਾਨਗਰ, ਕੈਥਲ, ਕਰਨਾਲ ਅਤੇ ਪਾਣੀਪਤ ਸਮੇਤ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਅੰਦਰ ਸਥਿਤ ਹੋਣ ਕਾਰਨ ਯਾਤਰੀਆਂ ਨੂੰ ਆਉਣ-ਜਾਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਹੋਵੇਗੀ।

ਡੋਮੇਸਟਿਕ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਖੇਤਰ ਵਿੱਚ ਪ੍ਰਤੱਖ ਅਤੇ ਅਪ੍ਰਤੱਖ ਤੌਰ ਤੇ ਰੋਜ਼ਗਾਰ ਦੇ ਮੌਕੇ ਵਧਣਗੇ – ਵਿੱਜ

ਸ੍ਰੀ ਵਿੱਜ ਨੇ ਦੱਸਿਆ ਕਿ ਅੰਬਾਲਾ ਤੋਂ ਅਯੋਧਿਆ ਲਈ ਪ੍ਰਸਤਾਵਿਤ ਉਡਾਣ ਨੂੰ ਲੈ ਕੇ ਲੋਕਾਂ ਵਿੱਚ ਵਿਸ਼ੇਸ਼ ਉਤਸ਼ਾਹ ਹੈ ਅਤੇ ਉਡਾਣ ਸ਼ੁਰੂ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਸ੍ਰੀ ਵਿੱਜ ਨੇ ਦੱਸਿਆ ਕਿ ਅੰਬਾਲਾ ਤੋਂ ਸ਼੍ਰੀਨਗਰ ਰੂਟ ‘ਤੇ ਇੱਕ ਕੰਪਨੀ ਨੂੰ ਕੰਮ ਦਿੱਤਾ ਜਾ ਰਿਹਾ ਹੈ ਜਦਕਿ ਅੰਬਾਲਾ-ਲਖਨਊ ਵਰਗੇ ਸ਼ਹਿਰਾਂ ਲਈ ਵੱਖ-ਵੱਖ ਏਅਰਲਾਈਨ ਕੰਪਨੀਆਂ ਨੇ ਅਪਲਾਈ ਕੀਤਾ ਹੈ, ਜਿਸ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਸ ਡੋਮੇਸਟਿਕ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਖੇਤਰ ਵਿੱਚ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ।

ਸ੍ਰੀ ਵਿੱਜ ਨੇ ਡੋਮੇਸਟਿਕ ਏਅਰਪੋਰਟ ਦਾ ਕੀਤਾ ਨਿਰੀਖਣਦਿੱਤੇ ਜ਼ਰੂਰੀ ਨਿਰਦੇਸ਼

ਮੀਟਿੰਗ ਤੋਂ ਪਹਿਲਾਂ ਸ੍ਰੀ ਵਿੱਜ ਨੇ ਡੋਮੇਸਟਿਕ ਏਅਰਪੋਰਟ, ਅੰਬਾਲਾ ਕੈਂਟ ਦਾ ਨਿਰੀਖਣ ਕੀਤਾ ਅਤੇ ਪੀਡਬਲਯੂਡੀ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਏਅਰਪੋਰਟ ਦਾ ਨਿਰਮਾਣ ਕਾਰਜ ਮੁਕੰਮਲ ਹੋ ਚੁੱਕਾ ਹੈ। ਨਿਰੀਖਣ ਦੌਰਾਨ ਮੰਤਰੀ ਨੇ ਯਾਤਰੀਆਂ ਦੀਆਂ ਸਹੂਲਤਾਂ ਜਿਵੇਂ ਆਉਣ-ਜਾਣ, ਖਾਣ-ਪੀਣ, ਬੈਠਣ ਦੇ ਪ੍ਰਬੰਧ, ਵਾਹਨ ਪਾਰਕਿੰਗ ਅਤੇ ਲਗਾਏ ਗਏ ਉਪਕਰਨਾਂ, ਜਿਨ੍ਹਾਂ ਵਿੱਚ ਬੈਗੇਜ ਸਕੈਨਰ ਆਦਿ ਸ਼ਾਮਲ ਹਨ, ਬਾਰੇ ਜਾਣਕਾਰੀ ਲਈ।

ਊਰਜਾ ਮੰਤਰੀ ਅਨਿਲ ਵਿਜ ਦੇ ਯਤਨਾਂ ਸਦਕਾ ਬਣਿਆ ਡੋਮੇਸਟਿਕ ਏਅਰਪੋਰਟ

ਵਰਨਣਯੋਗ ਹੈ ਕਿ ਇਸ ਡੋਮੇਸਟਿਕ ਏਅਰਪੋਰਟ ਦੇ ਨਿਰਮਾਣ ਲਈ ਅੰਬਾਲਾ ਕੈਂਟ ਏਅਰਫੋਰਸ ਸਟੇਸ਼ਨ ਦੇ ਨੇੜੇ ਰੱਖਿਆ ਮੰਤਰਾਲੇ ਤੋਂ ਲਗਭਗ 20 ਏਕੜ ਜ਼ਮੀਨ 133 ਕਰੋੜ ਰੁਪਏ ਵਿੱਚ ਪ੍ਰਾਪਤ ਕੀਤੀ ਗਈ ਸੀ। ਲਗਭਗ 18 ਕਰੋੜ ਰੁਪਏ ਦੀ ਲਾਗਤ ਨਾਲ ਏਅਰਪੋਰਟ ਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ ਅਤੇ ਲੋੜੀਂਦੇ ਉਪਕਰਨ ਸਥਾਪਿਤ ਕੀਤੇ ਗਏ ਹਨ।

ਮੀਟਿੰਗ ਵਿੱਚ ਸਿਵਲ ਏਵੀਏਸ਼ਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ਼੍ਰੀਮਤੀ ਜੀ. ਅਨੁਪਮਾ, ਵਧੀਕ ਡਾਇਰੈਕਟਰ ਸ੍ਰੀ ਮਨੀਸ਼ ਕੁਮਾਰ ਲੋਹਾਨ, ਪ੍ਰੋਜੈਕਟ ਡਾਇਰੈਕਟਰ ਗਰੁੱਪ ਕੈਪਟਨ ਏ.ਐਸ. ਗਿੱਲ ਅਤੇ ਸਲਾਹਕਾਰ (ਯੋਜਨਾ) ਸ੍ਰੀ ਐਮ.ਐਸ. ਦੂਹਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੋਜ਼ੂਦ ਸਨ।