
ਸੰਗਰੂਰ ,01 ਜੂਨ- ਡਾ. ਰਵਜੋਤ ਗਰੇਵਾਲ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਭੈੜੇ ਅਨਸਰਾਂ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ ਲਗਾਤਾਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸ਼੍ਰੀ ਦਵਿੰਦਰ ਕੁਮਾਰ ਅੱਤਰੀ, ਪੀ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸੰਗਰੂਰ ਦੀ ਯੋਗ ਅਗਵਾਈ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਬਾਜਵਾ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਸਬ ਡਵੀਜਨ ਦਿੜ੍ਹਬਾ ਦੀ ਨਿਗਰਾਨੀ ਹੇਠ ਥਾਣਾ ਦਿੜ੍ਹਬਾ ਪੁਲਿਸ ਵੱਲੋਂ ਪਿੰਡ ਖਨਾਲ ਕਲਾਂ ਵਿਖੇ ਵਾਪਰੀ ਲੁੱਟ ਖੋਹ ਦੀ ਵਾਰਦਾਤ ਸਬੰਧੀ ਦਰਜ ਮੁਕੱਦਮੇਂ ਦੀ ਤਫਤੀਸ਼ ਦੌਰਾਨ ਇੱਕ ਅਹਿਮ ਸਫਲਤਾ ਹਾਸਲ ਹੋਈ ਹੈ। ਪੁਲਿਸ ਟੀਮਾਂ ਵੱਲੋਂ ਤਕਨੀਕੀ ਅਤੇ ਮਨੁੱਖੀ ਸੂਚਨਾਵਾਂ ਦੇ ਆਧਾਰ ਪਰ ਕੀਤੀ ਗਈ ਕਾਰਵਾਈ ਦੌਰਾਨ ਉਕਤ ਵਾਰਦਾਤ ਨੂੰ ਟਰੇਸ ਕਰਦਿਆਂ ਇਸ ਵਿੱਚ ਸ਼ਾਮਲ 04 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 02 ਦੇਸੀ ਪਿਸਤੌਲ, ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ, ਇੱਕ ਸਵਿਫਟ ਡਿਜਾਇਰ ਕਾਰ ਅਤੇ 4800/- ਰੁਪਏ ਬ੍ਰਾਮਦ ਕੀਤੇ ਗਏ ਹਨ।
ਸ਼੍ਰੀ ਦਵਿੰਦਰ ਕੁਮਾਰ ਅੱਤਰੀ, ਪੀ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਥਾਣਾ ਦਿੜ੍ਹਬਾ ਦੇ ਇਲਾਕੇ ਅਧੀਨ ਪੈਂਦੇ ਪਿੰਡ ਖਨਾਲ ਕਲਾਂ ਵਿਖੇ ਸਥਿੱਤ ਇੱਕ ਪੈਟਰੋਲ ਪੰਪ ਤੋਂ ਕੱਝ ਅਣਪਛਾਤੇ ਵਿਅਕਤੀਆਂ ਵੱਲੋਂ 15,000/- ਰੁਪਏ ਦੀ ਨਕਦੀ ਖੋਹ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਮੁਕੱਦਮਾ ਨੰਬਰ 95 ਮਿਤੀ 20.05.2026 ਅ/ਧ 309(4), 333, 351(3), 3(5) BNS, 2023 ਥਾਣਾ ਦਿੜ੍ਹਬਾ ਬਰਖਿਲਾਫ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ।ਮੁਕੱਦਮੇਂ ਨੂੰ ਟਰੇਸ ਕਰਨ ਲਈ ਸ਼੍ਰੀਮਤੀ ਰੁਪਿੰਦਰ ਕੌਰ ਬਾਜਵਾ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਸਬ ਡਵੀਜਨ ਦਿੜ੍ਹਬਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਤਾਰ ਸਿੰਘ 920/ਪਟਿ:, ਮੁੱਖ ਅਫਸਰ ਥਾਣਾ ਦਿੜ੍ਹਬਾ, ਇੰਸਪੈਕਟਰ ਸੰਦੀਪ ਸਿੰਘ 44/ਪੀ.ਆਰ, ਇੰਚਾਰਜ ਸੀ.ਆਈ.ਏ ਸੰਗਰੂਰ ਅਤੇ ਹੋਰ ਪੁਲਿਸ ਕਰਮਚਾਰੀਆਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਪੁਲਿਸ ਟੀਮਾਂ ਵੱਲੋਂ ਤਕਨੀਕੀ ਅਤੇ ਮਨੁੱਖੀ ਸੂਚਨਾਵਾਂ ਦੇ ਆਧਾਰ ਪਰ ਕੀਤੀ ਗਈ ਜਾਂਚ ਦੌਰਾਨ ਕਮਲਜੀਤ ਸਿੰਘ ਉਰਫ ਕਮਲ ਵਾਸੀ ਸਫੀਪੁਰ ਕਲਾਂ, ਕਮਲਪ੍ਰੀਤ ਸਿੰਘ ਉਰਫ ਹਰਮਨ ਵਾਸੀ ਕਮਾਲਪੁਰ, ਜੈਵੀਰ ਸਿੰਘ ਉਰਫ ਜੋਧੂ ਵਾਸੀ ਘਨੌੜ ਰਾਜਪੂਤਾਂ ਅਤੇ ਜਸਨ ਉਰਫ ਕਿੱਲੂ ਵਾਸੀ ਘਨੌੜ ਰਾਜਪੂਤਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਦੌਰਾਨੇ ਤਫਤੀਸ਼ ਮੁਕੱਦਮਾਂ ਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕਮਲਜੀਤ ਸਿੰਘ ਉਰਫ ਕਮਲ ਪਾਸੋਂ 02 ਦੇਸੀ ਪਿਸਤੌਲ .32 ਬੋਰ, ਦੋਸ਼ੀ ਕਮਲਪ੍ਰੀਤ ਸਿੰਘ ਉਰਫ ਹਰਮਨ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ 01 ਮੋਟਰਸਾਈਕਲ ਬਿਨ੍ਹਾਂ ਨੰਬਰੀ ਅਤੇ 01 ਸਵਿਫਟ ਡਿਜਾਇਰ ਕਾਰ, ਜਸ਼ਨ ਉਰਫ ਕਿੱਲੂ ਪਾਸੋਂ ਲੁੱਟ ਕੀਤੀ ਗਈ ਰਕਮ ਵਿੱਚੋਂ 4800/- ਰੁਪਏ ਬ੍ਰਾਮਦ ਕਰਵਾਏ ਗਏ ਹਨ।
ਸ਼੍ਰੀ ਅੱਤਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਤਫਤੀਸ਼ ਦੌਰਾਨ ਕਈ ਅਹਿਮ ਸੁਰਾਗ ਪ੍ਰਾਪਤ ਹੋਏ ਹਨ। ਮੁਲਜ਼ਮਾਂ ਤੋਂ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।
ਉਨ੍ਹਾਂ ਕਿਹਾ ਕਿ ਡਾ. ਰਵਜੋਤ ਗਰੇਵਾਲ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਅਪਰਾਧਿਕ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ।