Sunday, May 31
Shadow

‘ਡੌਨ 3’ ਵਿੱਚ ਕੌਣ ਲਏਗਾ ਰਣਵੀਰ ਸਿੰਘ ਦੀ ਜਗ੍ਹਾਂ? ਪ੍ਰਸ਼ੰਸਕਾਂ ਵਿੱਚ ਦੇਖੀ ਜਾ ਰਹੀ ਉਤਸੁਕਤਾ

ਹੈਦਰਾਬਾਦ: ਰਣਵੀਰ ਸਿੰਘ ਇਨੀਂ ਦਿਨੀਂ ਕਾਫ਼ੀ ਸੁਰਖੀਆਂ ਵਿੱਚ ਹਨ, ਕਿਉਂਕਿ ਉਨ੍ਹਾਂ ਨੇ ਫਰਹਾਨ ਅਖਤਰ ਦੇ ਸਭ ਤੋਂ ਵੱਡੇ ਐਕਸ਼ਨ ਪ੍ਰੋਜੈਕਟ ‘ਡੌਨ 3’ ਤੋਂ ਆਪਣਾ ਨਾਮ ਵਾਪਸ ਲੈ ਲਿਆ। ਜਦੋਂ ਨਿਰਦੇਸ਼ਕ ਫਰਹਾਨ ਅਖਤਰ ਨੇ ਪਹਿਲੀ ਵਾਰ ਰਣਵੀਰ ਨੂੰ ਮਸ਼ਹੂਰ ਕ੍ਰਿਮੀਨਲ ਮਾਸਟਰਮਾਇੰਡ ਦੇ ਨਵੇਂ ਚਿਹਰੇ ਵਜੋਂ ਪੇਸ਼ ਕੀਤਾ ਸੀ, ਤਾਂ ਲੋਕ ਖੁਸ਼ ਹੋ ਗਏ ਸੀ ਅਤੇ ਪੂਰੇ ਸੋਸ਼ਲ ਮੀਡੀਆ ‘ਤੇ ਹਲਚਲ ਮਚ ਗਈ ਸੀ ਪਰ ਹੁਣ ਰਣਵੀਰ ਇਸ ਫਿਲਮ ਤੋਂ ਪਿੱਛੇ ਹੱਟ ਗਏ ਹਨ। ਅਜਿਹੇ ਵਿੱਚ ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਹਨ ਕਿ ਆਖਿਰ ਰਣਵੀਰ ਦੀ ਜਗ੍ਹਾਂ ਹੁਣ ਕੌਣ ਲਏਗਾ।

ਰਣਵੀਰ ਸਿੰਘ ਦਾ ‘ਡੌਨ 3’ ਤੋਂ ਅਚਾਨਕ ਬਾਹਰ ਹੋਣਾ 2026 ਦੀ ਬਾਲੀਵੁੱਡ ਦਾ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਹੈ। ਅਦਾਕਾਰ ਹੁਣ ਫਰਹਾਨ ਅਖਤਰ ਦੀ ਐਕਸਲ ਐਂਟਰਟੇਨਮੈਂਟ ਨਾਲ ਇੱਕ ਕਾਨੂੰਨੀ ਵਿਵਾਦ ਵਿੱਚ ਫੱਸ ਗਏ ਹਨ ਅਤੇ ਇਸਦੇ ਨਾਲ ਹੀ, ਉਨ੍ਹਾਂ ਨੂੰ FWICE ਵੱਲੋਂ ਅਸਹਿਯੋਗ ਦਾ ਨਿਰਦੇਸ਼ ਵੀ ਬਰਦਾਸ਼ਤ ਕਰਨਾ ਪੈ ਰਿਹਾ ਹੈ।

ਕੀ ਰਿਤਿਕ ਰੋਸ਼ਨ ਲੈਣਗੇ ਰਣਵੀਰ ਦੀ ਜਗ੍ਹਾਂ?

ਜਿਵੇਂ ਹੀ ਰਣਵੀਰ ਦੇ ਇਸ ਪ੍ਰੋਜੈਕਟ ਤੋਂ ਹਟਣ ਦੀ ਖਬਰ ਸਾਹਮਣੇ ਆਈ, ਤਾਂ ਚਰਚਾਵਾਂ ਹੋਣ ਲੱਗੀਆਂ ਕਿ ਨਿਰਮਾਤਾ ਰਣਵੀਰ ਦੀ ਜਗ੍ਹਾਂ ਰਿਤਿਕ ਰੋਸ਼ਨ ਨੂੰ ਲੈਣਗੇ। ਹਾਲਾਂਕਿ, ਰਿਤਿਕ ਨੇ ਬਿਆਨ ਦੇ ਕੇ ਇਨ੍ਹਾਂ ਅਫਵਾਹਾਂ ‘ਤੇ ਚੁੱਪੀ ਤੋੜੀ ਸੀ। ਉਨ੍ਹਾਂ ਨੇ ਕਿਹਾ ਸੀ ਕਿ,” ਜੋ ਗੱਲ ਸਿਰਫ਼ ਇੱਕ ਅਫਵਾਹ ਦੇ ਤੌਰ ‘ਤੇ ਸ਼ੁਰੂ ਹੋਈ ਸੀ, ਹੁਣ ਉਸਨੇ ਆਪਣੀ ਹੀ ਇੱਕ ਅਲੱਗ ਸ਼ਕਲ ਲੈ ਲਈ ਹੈ। ਇਸ ਲਈ ਹੁਣ ਸਮੇਂ ਆ ਗਿਆ ਹੈ ਕਿ ਮੈਂ ਇਸ ਮਾਮਲੇ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਰੱਖਾਂ। ਮੈਂ ਪੂਰੀ ਤਰ੍ਹਾਂ ਨਾਲ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ‘ਡੌਨ 3’ ਲਈ ਮੈਨੂੰ ਕਦੇਂ ਵੀ, ਕਿਸੇ ਵੀ ਸਮੇਂ ਸਪੰਰਕ ਨਹੀਂ ਕੀਤਾ ਗਿਆ। ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਅਜਿਹੀ ਕਿਸੇ ਵੀ ਬਿਨਾਂ ਪੁਸ਼ਟੀ ਵਾਲੀ ਰਿਪੋਰਟ ਤੋਂ ਦੂਰ ਰਹੋ।”

ਕੀ ਸ਼ਾਹਰੁਖ ਖਾਨ ਬਣਨਗੇ ਡੌਨ?

ਇੱਕ ਮੀਡੀਆ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸ਼ਾਹਰੁਖ ਖਾਨ ਆਪਣੇ ਮਸ਼ਹੂਰ ‘ਡੌਨ’ ਦੇ ਰੂਪ ਵਿੱਚ ਵਾਪਸੀ ਕਰ ਸਕਦੇ ਹਨ। ਜਨਵਰੀ ਦੀ ਇੱਕ ਰਿਪੋਰਟ ਮੁਤਾਬਕ, ਕਿੰਗ ਖਾਨ ‘ਡੌਨ’ ਦੇ ਰੂਪ ਵਿੱਚ ਵਾਪਸੀ ਕਰਨ ਨੂੰ ਤਿਆਰ ਹਨ ਪਰ ਉਨ੍ਹਾਂ ਦੀ ਇੱਕ ਸ਼ਰਤ ਹੈ। ਇਸ ਪ੍ਰੋਜੈਕਟ ਦਾ ਨਿਰਦੇਸ਼ਨ ਜਵਾਨ ਦੇ ਨਿਰਦੇਸ਼ਕ ਐਟਲੀ ਹੀ ਕਰਨ। ਹਾਲਾਂਕਿ, ਹੁਣ ਤੱਕ ਨਾ ਤਾਂ ਸ਼ਾਹਰੁਖ ਅਤੇ ਨਾ ਹੀ ਫਿਲਮ ਨਿਰਮਾਤਾ ਨੇ ਇਸ ਬਾਰੇ ਕੋਈ ਅਧਿਕਾਰਿਤ ਪੁਸ਼ਟੀ ਕੀਤੀ ਹੈ।

ਰਣਵੀਰ ਸਿੰਘ ਦੀ ਬਦਲੀ ਨੂੰ ਲੈ ਕੇ ਪ੍ਰਸ਼ੰਸਕਾਂ ਵਿਚਕਾਰ ਨਵੀਂ ਚਰਚਾ ਛਿੜ ਗਈ ਹੈ। ‘ਡੌਨ 3’ ਲਈ ਕਈ ਵੱਡੇ ਨਾਮਾਂ ਦੀ ਚਰਚਾ ਹੋ ਰਹੀ ਹੈ। ਰਿਤਿਕ ਦੇ ਬਿਆਨ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਦੀ ਰਾਏ ਹੋਰ ਹੋ ਗਈ ਹੈ। ਕੁਝ ਲੋਕ ਉਮੀਦ ਕਰ ਰਹੇ ਹਨ ਕਿ ਫਿਲਮ ਵਿੱਚ ਕੋਈ ਨੌਜਵਾਨ ਅਦਾਕਾਰ ਹੋਵੇਗਾ ਜੋ ਫਿਲਮ ਦੇ ਐਕਸ਼ਨ ਨੂੰ ਇੱਕ ਨਵਾਂ ਅਤੇ ਅੱਜ ਦੇ ਸਮੇਂ ਦਾ ਅੰਦਾਜ਼ ਦੇਵੇਗਾ। ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਕੋਈ ਅਜਿਹਾ ਬਾਹਰੀ ਵਿਅਕਤੀ ਹੋਵੇਗਾ, ਜੋ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਹੈਰਾਨ ਕਰ ਦੇਵੇਗਾ।

ਫਿਲਮ ਨਿਰਮਾਤਾਵਾਂ ਨੇ ਬਣਾਈ ਚੁੱਪੀ

ਇੰਨੀ ਸਾਰੀ ਹਲਚਲ ਅਤੇ ਮੀਡੀਆ ਦੇ ਦਬਾਅ ਬਾਵਜੂਦ ਵੀ ਫਰਹਾਨ ਅਖਤਰ ਨੇ ਕੋਈ ਟਿਪਣੀ ਨਹੀਂ ਕੀਤੀ। ਉਨ੍ਹਾਂ ਨੇ ਹੁਣ ਤੱਕ ਸਕ੍ਰੀਨ ਟੈਸਟ ਬ਼ਾਰੇ ਕੋਈ ਵੀ ਅਪਡੇਟ ਸ਼ੇਅਰ ਨਹੀਂ ਕੀਤਾ ਹੈ। ਅਜਿਹੀਆਂ ਅਫਵਾਹਾਂ ਹਨ ਕਿ ਅਜੇ ਵੀ ਸਕ੍ਰਿਪਟ ਦੇ ਕੁਝ ਹਿੱਸਿਆਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਉਸ ਵਿੱਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ।