ਚੰਡੀਗੜ੍ਹ: ਸਾਲ 2022 ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣਿਆਂ ਦਾ ਅਸਰ ਅੱਜ ਵੀ ਲੋਕ ਦੇ ਮਨਾਂ ‘ਚ ਬਰਕਰਾਰ ਹੈ। ਹੁਣ ਮੂਸੇਵਾਲਾ ਦੇ ਇੱਕ ਹੋਰ ਨਵੇਂ ਗਾਣੇ ‘ਆਈਸ ਆਨ ਮੀ’ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਵੱਡੇ ਪੱਧਰ ‘ਤੇ ਸੰਗੀਤਕ ਮਾਰਕੀਟ ਵਿੱਚ ਰਿਲੀਜ਼ ਕੀਤਾ ਜਾਵੇਗਾ।
ਇਸ ਗੀਤ ਨੂੰ ‘ਸਿੱਧੂ ਮੂਸੇਵਾਲਾ ਸੰਗ਼ੀਤਕ ਲੇਬਲ’ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ। ਇਸ ਗੀਤ ਨੂੰ ਅਵਾਜ਼ ਸਿੱਧੂ ਮੂਸੇਵਾਲਾ ਨੇ ਦਿੱਤੀ ਹੈ ਜਦਕਿ ਇਸ ਦਾ ਸੰਗੀਤ ਦ ਕਿਡ ਵੱਲੋਂ ਤਿਆਰ ਕੀਤਾ ਗਿਆ ਹੈ। ਇਨਸਾਨੀ ਦੁਸ਼ਮਣੀਆਂ ਵਿਚਕਾਰ ਜ਼ਿੰਦਗੀ ਅਤੇ ਮੌਤ ਦਰਮਿਆਨ ਦੇ ਵਲਵਲਿਆਂ ਨੂੰ ਬਿਆਨ ਕਰਨ ਜਾ ਰਹੇ ਇਸ ਗੀਤ ਦੇ ਬੋਲਾਂ ਅਤੇ ਕੰਪੋਜ਼ੀਸ਼ਨ ਦੀ ਸਿਰਜਣਾ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਖ਼ੁਦ ਅੰਜਾਮ ਦਿੱਤਾ ਗਿਆ ਹੈ।
ਹਾਲ ਹੀ ਵਿੱਚ ਰਿਲੀਜ਼ ਹੋਏ ‘ਬਰੋਟਾ’ ਗਾਣੇ ਤੋਂ ਬਾਅਦ ਬੈਕ-ਟੂ-ਬੈਕ ਸੰਗੀਤ ਪ੍ਰੇਮੀਆਂ ਸਨਮੁੱਖ ਪੇਸ਼ ਕੀਤਾ ਜਾ ਰਿਹਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇਹ ਇੱਕ ਹੋਰ ਅਰਥ-ਭਰਪੂਰ ਅਤੇ ਅਜਿਹਾ ਗਾਣਾ ਹੈ, ਜਿਨ੍ਹਾਂ ਦਾ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੰਗੀਤਕ ਅਤੇ ਗਾਇਕੀ ਕਲਾ ਨੂੰ ਹਮੇਸ਼ਾ ਜਿਉਂਦਾ ਰੱਖਣ ਦੇ ਕੀਤੇ ਵਾਅਦੇ ਨੂੰ ਪੂਰਾ ਕਰ ਰਹੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਆਪਣੇ ਹੋਣਹਾਰ ਬੇਟੇ ਦੇ ਪਹਿਲਾਂ ਤੋਂ ਰਿਕਾਰਡ ਕੀਤੇ ਗਾਣਿਆਂ ਨੂੰ ਮੁਕੰਮਲਤਾ ਭਰਿਆ ਵਜੂਦ ਦੇ ਰਹੇ ਹਨ।
ਜੇਕਰ ਇਸ ਨਵੇਂ ਗਾਣੇ ਨਾਲ ਜੁੜੇ ਕੁਝ ਹੋਰ ਖ਼ਾਸ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਗ੍ਰੈਂਡ ਸਕੇਲ ਅਧੀਨ ਫਿਲਮਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਟ੍ਰੂ ਮੇਕਰਸ ਵੱਲੋਂ ਕੀਤਾ ਗਿਆ ਹੈ, ਜੋ ਹਾਲ ਹੀ ਵਿੱਚ ਰਿਲੀਜ਼ ਹੋਏ ਸੰਗ਼ੀਤਕ ਵੀਡੀਓ ‘ਬਰੋਟਾ’ ਨੂੰ ਵੀ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।