Saturday, June 6
Shadow

ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ :ਧਾਲੀਵਾਲ

ਅੰਮ੍ਰਿਤਸਰ/ਅਜਨਾਲਾ,6 ਜੂਨ ( )-

ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਵਿਧਾਨ ਸਭਾ ਹਲਕਾ ਅਜਨਾਲਾ ਚ ਘਰੇਲੂ, ਵਪਾਰਕ ਅਦਾਰਿਆਂ ਤੇ ਖੇਤੀ ਟਿਊਬਵੈਲਾਂ ਲਈ ਬਿਜਲੀ ਦੀ ਨਿਰੰਤਰ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਅਤੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਨਵੇਂ ਕੀਰਤੀਮਾਨ ਸਥਾਪਿਤ ਕਰਨ ਹਿੱਤ ਅੱਜ ਬਕਾਇਦਾ ਰਸਮੀ ਤੌਰ ਤੇ ਹਲਕੇ ਦੇ ਇਤਿਹਾਸਿਕ ਨਗਰ ਰਮਦਾਸ ਵਿਖੇ ਪਾਵਰਕੌਮ ਦੇ ਬਾਰਡਰ ਰੇਂਜ ਚੀਫ਼ ਇੰਜੀਨੀਅਰ ਸੁਰਿੰਦਰ ਸਿੰਘ ਬੈਂਸ, ਨਿਗਰਾਨ ਇੰਜੀਨੀਅਰ ਬਲਕਾਰ ਸਿੰਘ, ਅਜਨਾਲਾ ਡਵੀਜ਼ਨ ਦੇ ਵਧੀਕ ਨਿਗਰਾਨ ਇੰਜੀਨੀਅਰ – ਕਮ – ਐਕਸੀਂਅਨ ਇੰਜੀ: ਅਨੀਸ਼ ਸਿੰਘ ਸਮੇਤ ਸਥਾਨਕ ਪਾਵਰਕੌਮ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਉਪਰੰਤ ਗੱਲਬਾਤ ਦੌਰਾਨ ਮੁੱਖ ਬੁਲਾਰੇ ਤੇ ਵਿਧਾਇਕ ਸ. ਧਾਲੀਵਾਲ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ ਪਹਿਲਾਂ ਹੀ ਜਾਰੀ ਕੀਤੇ ਭਾਰੀ ਫੰਡਾਂ ਤੋਂ ਇਲਾਵਾ ਹੁਣ ਹੋਰ 25 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਅੱਜ ਆਲਾ ਬਿਜਲੀ ਅਧਿਕਾਰੀਆਂ ਨਾਲ ਕੀਤੀ ਗਈ ਉੱਚ ਤਾਕਤੀ ਮੀਟਿੰਗ ਚ ਇਸ ਰਾਸ਼ੀ ਨਾਲ ਹਲਕਾ ਅਜਨਾਲਾ ਚ ਬਿਜਲੀ ਸਬ ਡਵੀਜ਼ਨਾਂ ਅਜਨਾਲਾ, ਰਮਦਾਸ, ਗੱਗੋਮਾਹਲ, ਚੱਕ ਡੋਗਰਾਂ, ਝੰਡੇਰ ਆਦਿ ਦੇ ਅਧਿਕਾਰ ਖੇਤਰ ਚ ਗਰਿੱਡਾਂ, ਖੰਭਿਆਂ, ਢਿੱਲੀਆਂ ਤਾਰਾਂ ਦੇ ਨਵੀਨੀਕਰਣ ਆਦਿ ਬੁਨਿਆਦੀ ਢਾਂਚੇ ਚ ਨਵੇਂ ਕੀਰਤੀਮਾਨ ਸਥਾਪਿਤ ਕਰਕੇ ਵੋਲਟੇਜ ਚ ਸੁਧਾਰ ਲਈ ਬਕਾਇਦਾ ਕਾਰਜ ਯੋਜਨਾ ਉਲੀਕੀ ਗਈ ਅਤੇ ਇਸ ਤੋਂ ਇਲਾਵਾ ਇਤਿਹਾਸਕ ਨਗਰ ਰਮਦਾਸ ਦੀ ਪਾਵਰਕੌਮ ਸਬ ਡਵੀਜ਼ਨ ਤਹਿਤ ਪੈਂਦੇ ਸ਼ਹਿਰੀ ਤੇ ਪੇਂਡੂ ਖੇਤਰ ਚ ਨਿਰੰਤਰ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਸਮੇਤ ਬਿਜਲੀ ਖੰਭਿਆਂ ਦੀ ਉਚਾਈ ਘੱਟ ਹੋਣ ਕਾਰਣ ਤੇ ਤਾਰਾਂ ਢਿੱਲੀਆਂ ਹੋਣ ਵਜੋਂ ਵਾਪਰਦੇ ਅਚਨਚੇਤੀ ਹਾਦਸਿਆਂ ਨੂੰ ਮੁਕੰਮਲ ਤੌਰ ਤੇ ਠੱਲਣ ਲਈ ਖੰਭਿਆਂ ਦੀ ਉਚਾਈ ਚ ਵਾਧਾ ਕਰਕੇ 11 ਮੀਟਰ ਉੱਚੇ ਕਰਨ ਦੀ ਸਥਿਤੀ ਦਾ ਜ਼ਾਇਜ਼ਾ ਲਿਆ ਗਿਆ। ਉਹਨਾਂ ਦੱਸਿਆ ਕਿ ਇਸ ਰਾਸ਼ੀ ਦੀ ਹਲਕੇ ਚ ਬਿਜਲੀ ਸੁਧਾਰਾਂ ਲਈ ਵਰਤੋਂ ਚ ਪਾਰਦਰਸ਼ਤਾ ਬਣਾਈ ਰੱਖਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ। ਅਧਿਕਾਰੀਆਂ ਨੂੰ ਸ਼ੁਰੂ ਹੋਏ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਅਤੇ ਖ਼ਾਸ ਕਰਕੇ ਝੋਨੇ ਦੀ ਲਵਾਈ ਲਈ ਖੇਤੀ ਟਿਊਬਵੈਲਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਸਮੇਤ ਘਰੇਲੂ ਤੇ ਵਪਾਰਕ ਅਦਾਰਿਆਂ ਲਈ ਲਗਾਤਾਰਤਾ ਚ ਬਿਜਲੀ ਸਪਲਾਈ ਦਾ ਸੁਮੇਲ ਬਿਠਾਉਣ ਲਈ ਵਿਸ਼ੇਸ਼ ਨਿਰਦੇਸ਼ ਦਿੰਦਿਆ ਖੇਤੀ ਟਿਊਬਵੈਲਾਂ ਦੇ ਟ੍ਰਾਂਸਫਾਰਮਰ ਖ਼ਰਾਬ ਹੋਣ ਜਾਂ ਸੜਨ ਦੀ ਸੂਰਤ ਚ ਤੁਰੰਤ ਲੋੜੀਂਦੇ ਕਦਮ ਅਮਲ ਚ ਲਿਆਉਣ ਲਈ ਕਿਹਾ ਗਿਆ। ਉਹਨਾਂ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਦੀਆਂ ਸਾਬਕਾ ਸਰਕਾਰਾਂ ਨੇ ਸਹੂਲਤਾਂ ਦੇ ਨਾਂਅ ਤੇ ਬਿਜਲੀ ਖਪਤਕਾਰਾਂ ਨਾਲ ਕਥਿਤ ਤੌਰ ਤੇ ਧੋਖਾ ਕੀਤਾ ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਰੇਕ ਵਰਗ ਲਈ ਬਿਨਾਂ ਸ਼ਰਤ 600 ਯੂਨਿਟ ਮੁਫ਼ਤ ਬਿਜਲੀ ਖਪਤਕਾਰਾਂ ਨੂੰ ਸਹੂਲਤ ਦੇਣ ਦੇ ਨਾਲ ਗੋਇੰਦਵਾਲ ਵਿਖੇ 1100 ਕਰੋੜ ਦੀ ਲਾਗਤ ਨਾਲ ਨਿੱਜੀ ਪਲਾਂਟ ਖਰੀਦ ਕਰਕੇ ਸਰਕਾਰ ਵਲੋਂ ਲੋਕ ਅਰਪਿਤ ਕੀਤਾ ਗਿਆ ਅਤੇ ਸਾਬਕਾ ਸਰਕਾਰਾਂ ਵਲੋਂ ਕਥਿਤ ਲੁੱਟ ਖਸੁੱਟ ਦੀ ਆੜ੍ਹ ਚ ਝਾਰਖੰਡ ਵਿਖੇ ਬੰਦ ਕੀਤੀ ਹੋਈ ਕੋਲ਼ੇ ਦੀ ਖਾਣ ਨੂੰ ਬਹਾਲ ਕਰਕੇ ਪੰਜਾਬ ਦੇ ਸਰਮਾਏ ਦੀ ਲੁੱਟ ਖਸੁੱਟ ਖਿੜਕੀ ਬੰਦ ਕਰਕੇ ਬਚਾਏ ਗਏ ਸਰਮਾਏ ਦੇ ਖਰਚੇ ਨਾਲ ਬਿਜਲੀ ਸੁਧਾਰਾਂ ਚ ਕ੍ਰਾਂਤੀ ਲਿਆਂਦੀ ਗਈ। ਉਹਨਾਂ ਇਹ ਵੀ ਸਪਸ਼ਟ ਕੀਤਾ ਸੂਬਾ ਮਾਨ ਸਰਕਾਰ ਨੇ ਮੁਫ਼ਤ 600 ਯੂਨਿਟ ਬਿਜਲੀ ਤੋਂ ਲਿਆਵਾ 10 ਲੱਖ ਮੁਫ਼ਤ ਸਿਹਤ ਬੀਮਾ, ਮੁਫ਼ਤ ਇਲਾਜ ਲਈ ਆਮ ਆਦਮੀ ਕਲੀਨਿਕ, ਮੇਰੀ ਰਸੋਈ ਤਹਿਤ 40 ਲੱਖ ਪਰਿਵਾਰਾਂ ਨੂੰ ਮੁਫ਼ਤ ਚਾਹ, ਖੰਡ, ਲੂਣ, ਦਾਲਾਂ, ਤੇਲ ਆਦਿ ਜ਼ਰੂਰੀ ਵਸਤਾਂ ਦੀ ਮੁਫ਼ਤ ਕਿੱਟ, ਹਰੇਕ ਆਮ ਸ਼ਰੇਣੀ ਦੀ ਔਰਤ ਨੂੰ ਪ੍ਰਤੀ ਮਹੀਨਾ 1000 ਰੁਪਏ ਤੇ ਦਲਿਤ ਸ਼ਰੇਣੀ ਔਰਤ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਆਦਿ ਅਨੇਕਾਂ ਸਹੂਲਤਾਂ ਮੁੱਹਈਆ ਕਰਵਾ ਕੇ ਸਹੂਲਤਾਂ ਦੀ ਰਾਜਨੀਤੀ ਕੀਤੀ ਹੈ ਅਤੇ ਇਸ ਸਹੂਲਤਾਂ ਸਮੇਤ ਵਿਕਾਸ ਤੇ ਰੁਜ਼ਗਾਰ ਦੀ ਰਾਜਨੀਤੀ ਤੇ ਆਗਾਮੀ ਵਿਧਾਨ ਸਭਾ ਚ ਵੋਟਰਾਂ ਦਾ ਫਤਵਾ ਹਾਸਲ ਕਰਕੇ ਮਾਨ ਸਰਕਾਰ ਮੁੜ ਸੱਤਾ ਚ ਆਏਗੀ।