
ਚੰਡੀਗੜ੍ਹ, 8 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤੀਰਥ ਯਾਤਰਾਵਾਂ ਸਮਾਜ ਨੂੰ ਜੋੜਨ ਦਾ ਮਹਾਨ ਮਾਧਿਅਮ ਹੁੰਦੀਆਂ ਹਨ। ਇਹ ਯਾਤਰਾਵਾਂ ਸਾਡੀ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ, ਸੱਭਿਆਚਾਰ ਅਤੇ ਸੰਸਕਾਰਾਂ ਨਾਲ ਜੋੜਦੀਆਂ ਹਨ। ਜਦੋਂ ਕੋਈ ਸ਼ਰਧਾਲੂ ਤੀਰਥ ਸਥਾਨਾਂ ‘ਤੇ ਜਾਂਦਾ ਹੈ, ਤਾਂ ਉਹ ਆਪਣੇ ਅੰਦਰ ਨਵੀਂ ਊਰਜਾ, ਪ੍ਰੇਰਣਾ ਅਤੇ ਨਵੀਂ ਚੇਤਨਾ ਲੈ ਕੇ ਪਰਤਦਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਕੁਰੂਕਸ਼ੇਤਰ ਤੋਂ ਸੋਮਨਾਥ ਲਈ ਵਿਸ਼ੇਸ਼ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰ ਰਹੇ ਸਨ। ਟ੍ਰੇਨ ਵਿੱਚ 1100 ਤੋਂ ਵੱਧ ਸ਼ਰਧਾਲੂ ਜਾ ਰਹੇ ਹਨ। ਮੁੱਖ ਮੰਤਰੀ ਨੇ ਮੌਜੂਦ ਸਾਰੇ ਸੰਤਾਂ ਨੂੰ ਅੰਗਵਸਤਰ ਭੇਂਟ ਕਰਕੇ ਸਨਮਾਨਿਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ 10 ਮਈ ਨੂੰ ਸ੍ਰੀ ਨਰਿੰਦਰ ਮੋਦੀ ਸਭ ਤੋਂ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣ ਜਾਣਗੇ। ਪ੍ਰਧਾਨ ਮੰਤਰੀ ਨੇ 2014 ਵਿੱਚ ਦੇਸ਼ ਦੀ ਅਗਵਾਈ ਸੰਭਾਲੀ, ਤਦ ਤੋਂ ਭਾਰਤ ਨੂੰ ਨਵੀਂ ਦਿਸ਼ਾ ਦੇਣ ਦਾ ਕਾਰਜ ਕੀਤਾ ਹੈ। ਬਜ਼ੁਰਗਾਂ ਲਈ ਸੋਮਨਾਥ ਦੀ ਸੁਖਦ ਯਾਤਰਾ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਤੀਰਥ ਸਥਾਨਾਂ ਦੇ ਮਹੱਤਵ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕੁਸ਼ਲ ਅਗਵਾਈ ਹੇਠ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤਾਂ ਦੀ ਸੰਭਾਲ ਅਤੇ ਸੰਵਰਧਨ ਲਈ ਬੇਮਿਸਾਲ ਕਾਰਜ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਸਾਡੇ ਅਨੇਕਾਂ ਤੀਰਥਾਂ ਦਾ ਨਵੀਨੀਕਰਨ ਕਰਵਾਇਆ ਹੈ। ਅਸੀਂ ਸਭ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਪੁਰਬ ਦੇ ਗਵਾਹ ਰਹੇ ਹਾਂ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕਾਸ਼ੀ ਵਿਸ਼ਵਨਾਥ ਧਾਮ ਦਾ ਦਿੱਵਯ ਅਤੇ ਸ਼ਾਨਦਾਰ ਸਰੂਪ ਵੀ ਸਾਹਮਣੇ ਆਇਆ ਹੈ, ਜਿਸ ਨਾਲ ਪ੍ਰਾਚੀਨ ਕਾਸ਼ੀ ਦੀ ਗਰਿਮਾ ਮੁੜ ਜੀਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਦੇ ਤੀਰਥ ਸਥਾਨਾਂ ਦਾ ਵਿਕਾਸ, ਚਾਰਧਾਮ ਪ੍ਰੋਜੈਕਟ, ਪ੍ਰਸਾਦ ਯੋਜਨਾ ਅਤੇ ਸੱਭਿਆਚਾਰਕ ਵਿਰਾਸਤਾਂ ਦੀ ਸੰਭਾਲ ਦੇ ਮਾਧਿਅਮ ਨਾਲ ਭਾਰਤ ਆਪਣੀਆਂ ਜੜ੍ਹਾਂ ਨਾਲ ਜੁੜ ਰਿਹਾ ਹੈ ਅਤੇ ਇਹ ਨਵੇਂ ਭਾਰਤ ਦਾ ਉਹ ਸਮਾਂ ਹੈ, ਜਿੱਥੇ ਵਿਕਾਸ ਅਤੇ ਵਿਰਾਸਤ ਨਾਲ-ਨਾਲ ਚੱਲ ਰਹੇ ਹਨ।
ਭਗਵਾਨ ਸ਼ਿਵ ਸਿਰਫ ਭਾਰਤ ਦੇ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਪ੍ਰੇਰਣਾ ਸਰੋਤ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਵਿਸ਼ਵ ਅਨੇਕਾਂ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਪਰ ਭਾਰਤ ਦੀ ਸਨਾਤਨ ਸੰਸਕ੍ਰਿਤੀ ਸਾਨੂੰ ਸੰਤੁਲਨ, ਕਰੁਣਾ ਅਤੇ ਮਾਨਵਤਾ ਦਾ ਮਾਰਗ ਦਿਖਾਉਂਦੀ ਹੈ। ਭਗਵਾਨ ਸ਼ਿਵ ਵਿਨਾਸ਼ ਦੇ ਦੇਵਤਾ ਨਹੀਂ, ਸਗੋਂ ਨਵ-ਸਿਰਜਣ ਦੇ ਦੇਵਤਾ ਹਨ। ਉਹ ਸਾਨੂੰ ਸਿਖਾਉਂਦੇ ਹਨ ਕਿ ਜ਼ਹਿਰ ਨੂੰ ਵੀ ਧਾਰਨ ਕਰਕੇ ਸਮਾਜ ਨੂੰ ਅੰਮ੍ਰਿਤ ਦਿੱਤਾ ਜਾ ਸਕਦਾ ਹੈ। ਭਗਵਾਨ ਮਹਾਦੇਵ ਸਾਨੂੰ ਸਿਖਾਉਂਦੇ ਹਨ ਕਿ ਸ਼ਕਤੀ ਦੀ ਵਰਤੋਂ ਸੁਰੱਖਿਆ ਲਈ ਹੋਣੀ ਚਾਹੀਦੀ ਹੈ, ਵਿਨਾਸ਼ ਲਈ ਨਹੀਂ। ਤਿਆਗ, ਤਪੱਸਿਆ ਅਤੇ ਸੇਵਾ ਹੀ ਜੀਵਨ ਦਾ ਅਸਲੀ ਮਾਰਗ ਹਨ। ਇਸੇ ਲਈ ਭਗਵਾਨ ਸ਼ਿਵ ਕੇਵਲ ਭਾਰਤ ਦੇ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਪ੍ਰੇਰਣਾ ਸਰੋਤ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸੋਮਨਾਥ ਆਸਥਾ ਦਾ ਉਹ ਗੀਤ ਹੈ ਜੋ ਸਾਨੂੰ ਸਿਖਾਉਂਦੇ ਹੈ ਕਿ ਸਿਰਜਣ ਦੀ ਸ਼ਕਤੀ ਵਿਨਾਸ਼ ਨਾਲੋਂ ਕਿਤੇ ਵਧੇਰੇ ਪ੍ਰਬਲ ਹੁੰਦੀ ਹੈ। ਇਹ ਕਥਨ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਸੰਸਕ੍ਰਿਤੀ ਦਾ ਸਾਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਹਰਿਆਣਾ ਦੀ ਧਰਤੀ ਤੋਂ ਸ਼ਰਧਾ, ਆਸਥਾ, ਸੰਸਕ੍ਰਿਤੀ ਅਤੇ ਸਨਾਤਨ ਚੇਤਨਾ ਦੀ ਇੱਕ ਅਜਿਹੀ ਯਾਤਰਾ ਦਾ ਸ਼ੁਰੂਆਤ ਹੈ, ਜੋ ਸਾਨੂੰ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਅਧਿਆਤਮਿਕ ਵਿਰਾਸਤ ਨਾਲ ਜੋੜਦੀ ਹੈ। ਉਨ੍ਹਾਂ ਨੇ ਭਗਵਾਨ ਭੋਲੇਨਾਥ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕ੍ਰਿਪਾ ਹਰਿਆਣਾ ਦੇ ਹਰ ਪਰਿਵਾਰ, ਕਿਸਾਨ, ਨੌਜਵਾਨ, ਮਾਤਾ-ਭੈਣ ਅਤੇ ਸਮੂਹ ਦੇਸ਼ ਵਾਸੀਆਂ ‘ਤੇ ਬਣੀ ਰਹੇ। ਇਹ ਯਾਤਰਾ ਸੁਖਦ, ਸੁਰੱਖਿਅਤ ਅਤੇ ਫਲਦਾਇਕ ਹੋਵੇ। ਉਨ੍ਹਾਂ ਕਿਹਾ ਕਿ ਭਗਵਾਨ ਸੋਮਨਾਥ ਦਾ ਮੰਦਰ ਬਾਰਾਂ ਜੋਤੀਲਿੰਗਾਂ ਵਿੱਚੋਂ ਪਹਿਲਾ ਮੰਨਿਆ ਜਾਂਦਾ ਹੈ।
ਸਾਡੀ ਆਸਥਾ ਨੂੰ ਤਲਵਾਰਾਂ ਨਾਲ ਨਹੀਂ ਮਿਟਾਇਆ ਜਾ ਸਕਦਾ
ਮੁੱਖ ਮੰਤਰੀ ਨੇ ਕਿਹਾ ਕਿ ਸੋਮਨਾਥ ਮੰਦਰ ਦਾ ਇਤਿਹਾਸ ਭਾਰਤ ਦੀ ਹੌਸਲੇ ਦੀ ਗਾਥਾ ਰਿਹਾ ਹੈ। ਇਹ ਮੰਦਰ ਅਨੇਕਾਂ ਵਾਰ ਟੁੱਟਿਆ ਅਤੇ ਲੁੱਟਿਆ ਗਿਆ। ਪਰ ਹਰ ਵਾਰ ਦੁੱਗਣੇ ਸਾਹਸ ਨਾਲ ਉੱਠ ਖੜ੍ਹਾ ਹੋਇਆ। ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਸੋਮਨਾਥ ‘ਤੇ ਪ੍ਰਹਾਰ ਹੋਇਆ, ਉਦੋਂ-ਉਦੋਂ ਪੂਰੇ ਦੇਸ਼ ਦੀ ਆਤਮਾ ਦੁਖੀ ਹੋਈ। ਪਰ ਹਰ ਵਾਰ ਰਾਸ਼ਟਰ ਨੇ ਇਹ ਸਿੱਧ ਕੀਤਾ ਕਿ ਸਾਡੀ ਆਸਥਾ ਨੂੰ ਤਲਵਾਰਾਂ ਨਾਲ ਨਹੀਂ ਮਿਟਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਸੋਮਨਾਥ ਮੰਦਰ ਦੇ ਮੁੜ-ਨਿਰਮਾਣ ਅਤੇ ਸੁਤੰਤਰ ਭਾਰਤ ਦੇ ਸੱਭਿਆਚਾਰਕ ਪੁਨਰ-ਜਾਗਰਣ ਦਾ ਉਦਘੋਸ਼ ਹੋਇਆ, ਤਦ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਨੇ ਮੰਦਰ ਨਿਰਮਾਣ ਨੂੰ ਰਾਸ਼ਟਰੀ ਨਿਰਮਾਣ ਦੀ ਮੁੜ-ਸਥਾਪਨਾ ਦੱਸਿਆ ਸੀ, ਜਿਸ ਨੇ ਰਾਸ਼ਟਰ ਨੂੰ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਦਾ ਕੰਮ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਭਰ ਵਿੱਚ ਸੋਮਨਾਥ ਸਵਾਭੀਮਾਨ ਪੁਰਬ ਮਨਾਇਆ ਜਾ ਰਿਹਾ ਹੈ। ਇਹ ਪੁਰਬ ਜਨਵਰੀ 2027 ਤੱਕ ਚੱਲੇਗਾ। ਇਸ ਪੁਰਬ ਦੌਰਾਨ ਸ਼ਰਧਾਲੂਆਂ ਲਈ ‘ਮੁੱਖ ਮੰਤਰੀ ਤੀਰਥ ਯੋਜਨਾ’ ਦੇ ਤਹਿਤ ਤੀਰਥ ਸਥਾਨਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਹਜ਼ਾਰਾਂ ਬਜ਼ੁਰਗ ਸ਼ਰਧਾਲੂ ਹੁਣ ਤੱਕ ਦੇਸ਼ ਦੇ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਸਭ ਤੋਂ ਵੱਡੀ ਪੂੰਜੀ ਹਨ। ਉਨ੍ਹਾਂ ਨੇ ਆਪਣੇ ਅਨੁਭਵ, ਸੰਸਕਾਰ ਅਤੇ ਮਿਹਨਤ ਨਾਲ ਸਮਾਜ ਨੂੰ ਦਿਸ਼ਾ ਦਿੱਤੀ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਮਾਧਿਅਮ ਨਾਲ ਅਸੀਂ ਉਨ੍ਹਾਂ ਪ੍ਰਤੀ ਸਨਮਾਨ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰ ਰਹੇ ਹਾਂ।
ਮੁੱਖ ਮੰਤਰੀ ਨੇ ਸਾਰੇ ਯਾਤਰੀਆਂ ਦੇ ਸੁਰੱਖਿਅਤ ਅਤੇ ਸੁਖਮਈ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਜੀਵਨ ਵਿੱਚ ਸੁਖ, ਸ਼ਾਂਤੀ, ਖੁਸ਼ਹਾਲੀ ਅਤੇ ਅਧਿਆਤਮਿਕ ਉੱਨਤੀ ਆਵੇ ਅਤੇ ਹਰਿਆਣਾ ਨੂੰ ਲਗਾਤਾਰ ਵਿਕਾਸ ਦੇ ਰਾਹ ‘ਤੇ ਅੱਗੇ ਵਧਾਏ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਵਿੱਚ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵੇ ਅਤੇ ਭਗਵਾਨ ਸਾਨੂੰ ਸਾਰਿਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਦੀ ਸ਼ਕਤੀ ਪ੍ਰਦਾਨ ਕਰਨ।
ਇਸ ਮੌਕੇ ‘ਤੇ ਸਾਬਕਾ ਮੰਤਰੀ ਸੁਭਾਸ਼ ਸੁਧਾ, ਮਹਾਰਾਜ ਬੰਸੀ ਪੁਰੀ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਨਾ, ਰਾਜੇਸ਼ ਪਰਾਸਰ, ਚੇਅਰਮੈਨ ਧਰਮਬੀਰ ਮਿਰਜ਼ਾਪੁਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕੰਵਲਜੀਤ ਕੌਰ ਸਮੇਤ ਕਈ ਪਾਰਟੀ ਅਹੁਦੇਦਾਰ ਅਤੇ ਸੰਤ ਮੌਜੂਦ ਸਨ।