Monday, June 29
Shadow

ਵਿਧਾਇਕ ਉੱਗੋਕੇ ਵਲੋਂ ਪਿੰਡ ਬੱਲੋਕੇ ਵਿਚ ਮੋਘੇ ਦਾ ਉਦਘਾਟਨ, ਸੈਂਕੜੇ ਏਕੜ ਰਕਬੇ ਨੂੰ ਮਿਲੇਗੀ ਨਹਿਰੀ ਪਾਣੀ ਦੀ ਸਹੂਲਤ

ਤਪਾ/ ਭਦੌੜ, 29 ਜੂਨ-   ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਲਈ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਨਹਿਰੀ ਪ੍ਰੋਜੈਕਟਾਂ ਸਦਕਾ ਸੂਬੇ ਵਿਚ ਹਜ਼ਾਰਾਂ ਏਕੜ ਰਕਬੇ ਵਿੱਚ ਪਹਿਲੀ ਵਾਰ ਨਹਿਰੀ ਪਾਣੀ ਪੁੱਜਿਆ।

 ਇਹ ਪ੍ਰਗਟਾਵਾ ਵਿਧਾਇਕ ਹਲਕਾ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਪਿੰਡ ਬੱਲੋਕੇ ਵਿਚ ਨਵੇਂ ਮੋਘੇ ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਇਸ ਨਵੇਂ ਮੋਘੇ ਰਾਹੀਂ ਪਿੰਡ ਅਤੇ ਆਸ-ਪਾਸ ਦੇ ਇਲਾਕੇ ਦੀ ਵੱਡੀ ਖੇਤੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ, ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਸਮੇਂ ਸਿਰ ਸਿੰਚਾਈ ਦੀ ਉਪਲਬਧਤਾ ਨਾਲ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਹੋਣ ਦੇ ਨਾਲ-ਨਾਲ ਕਿਸਾਨਾਂ ਦੇ ਖਰਚੇ ਵੀ ਘੱਟ ਹੋਣਗੇ। ਓਹਨਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਕੁੱਬੇ ਵਿਚ ਨਵਾਂ ਮੋਘਾ ਲਗਾਇਆ ਗਿਆ ਹੈ।

 ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸੂਬੇ ਵਿੱਚ ਨਹਿਰੀ ਸਿੰਚਾਈ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਬੰਦ ਪਏ ਜਾਂ ਘੱਟ ਸਮਰੱਥਾ ਵਾਲੇ ਮੋਘਿਆਂ ਨੂੰ ਚਾਲੂ ਕਰਨ, ਨਹਿਰਾਂ ਦੀ ਸਫ਼ਾਈ ਅਤੇ ਪਾਣੀ ਦੀ ਨਿਰਪੱਖ ਵੰਡ ਨੂੰ ਯਕੀਨੀ ਬਣਾਉਣ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਦਾ ਹਰ ਕਿਸਾਨ ਨਹਿਰੀ ਪਾਣੀ ਦੀ ਸਹੂਲਤ ਦਾ ਲਾਭ ਉਠਾ ਸਕੇ ਅਤੇ ਖੇਤੀ ਨੂੰ ਹੋਰ ਲਾਭਕਾਰੀ ਬਣਾਇਆ ਜਾ ਸਕੇ। ਉਨ੍ਹਾਂ ਪਿੰਡ ਬੱਲੋਕੇ ਦੇ ਪੰਚਾਇਤ, ਵਸਨੀਕਾਂ ਅਤੇ ਕਿਸਾਨਾਂ ਨੂੰ ਨਹਿਰੀ ਮੋਘੇ ਲਈ ਵਧਾਈ ਦਿੰਦਿਆਂ ਭਰੋਸਾ ਦਿਵਾਇਆ ਕਿ ਲੋਕ ਭਲਾਈ ਦੇ ਅਜਿਹੇ ਕੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ।

ਇਸ ਮੌਕੇ ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਅੰਮ੍ਰਿਤ ਢਿੱਲਵਾਂ ਸਣੇ ਹੋਰ ਪਤਵੰਤੇ ਹਾਜ਼ਰ ਸਨ।