ਹੈਦਰਾਬਾਦ: ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਵੀਰਵਾਰ 21 ਮਈ ਦੀ ਸ਼ਾਮ ਨੂੰ ਮੁੰਬਈ ਵਿੱਚ ਮੰਗਲਸੂਤਰ ਅਤੇ ਸਿੰਦੂਰ ਪਹਿਨੇ ਦੇਖਿਆ ਗਿਆ। ਇਸ ਤੋਂ ਬਾਅਦ ਅਫਵਾਹਾਂ ਫੈਲ ਗਈਆਂ ਕਿ ਕੰਗਨਾ ਰਣੌਤ ਨੇ ਗੁਪਤ ਰੂਪ ਵਿੱਚ ਵਿਆਹ ਕਰਵਾ ਲਿਆ ਹੈ। ਹਾਲਾਂਕਿ, ਅਦਾਕਾਰਾ ਨੇ ਹੁਣ ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਟੋਰੀ ਸ਼ੇਅਰ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਦਰਅਸਲ, ਵੀਰਵਾਰ ਨੂੰ ਕੰਗਨਾ ਰਣੌਤ ਨੂੰ ਬਿੰਦੀ, ਮੰਗਲਸੂਤਰ, ਸਿੰਦੂਰ, ਹਰੀਆਂ ਚੂੜੀਆਂ ਅਤੇ ਐਨਕਾਂ ਪਹਿਣ ਕੇ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਇਮਾਰਤ ਤੋਂ ਬਾਹਰ ਆਪਣੀ ਕਾਰ ਵੱਲ ਜਾਂਦੇ ਹੋਏ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਮੰਗਲਸੂਤਰ ਅਤੇ ਸਿੰਦੂਰ ਨੂੰ ਲੋਕਾਂ ਨੇ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਕੰਗਨਾ ਨੇ ਗੁਪਤ ਰੂਪ ‘ਚ ਵਿਆਹ ਕਰਵਾ ਲਿਆ ਹੈ। ਇਸ ਵਿਚਕਾਰ ਹੁਣ ਕੰਗਨਾ ਨੇ ਆਪਣੀ ਚੁੱਪੀ ਤੋੜੀ ਅਤੇ ਸਪੱਸ਼ਟ ਕੀਤਾ ਕਿ ਉਸਦਾ ਵਿਆਹ ਨਹੀਂ ਹੋਇਆ ਸਗੋਂ ਉਸਦਾ ਇਹ ਲੁੱਕ ਇੱਕ ਸ਼ੂਟ ਲਈ ਸੀ।
ਅੱਜ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਖੁਲਾਸਾ ਕੀਤਾ ਕਿ ਜਦੋਂ ਤੋਂ ਉਸਦੇ ਗੁਪਤ ਵਿਆਹ ਦੀਆਂ ਅਫਵਾਹਾਂ ਸੁਰਖੀਆਂ ਵਿੱਚ ਆਉਣੀਆਂ ਸ਼ੁਰੂ ਹੋਈਆਂ ਹਨ, ਉਦੋਂ ਤੋਂ ਉਸਨੂੰ ਬਹੁਤ ਸਾਰੇ ਫੋਨ ਕਾਲ ਆ ਰਹੇ ਹਨ।
ਅਦਾਕਾਰਾ ਨੇ ਆਪਣੇ ਨੋਟ ਵਿੱਚ ਲਿਖਿਆ, “ਮੈਂ ਹਰ ਰੋਜ਼ ਸ਼ਹਿਰ ਅਤੇ ਆਲੇ-ਦੁਆਲੇ ਸ਼ੂਟਿੰਗ ਕਰ ਰਹੀ ਹਾਂ। ਕਿਸੇ ਨੇ ਮੇਰੇ ਸ਼ੂਟਿੰਗ ਵਿਚਲੇ ਲੁੱਕ ਨਾਲ ਇਹ ਤਸਵੀਰ ਕਲਿੱਕ ਕੀਤੀ ਹੈ ਅਤੇ ਹੁਣ ਮੈਨੂੰ ਬਹੁਤ ਸਾਰੇ ਫੋਨ ਕਾਲ ਆ ਰਹੇ ਹਨ। ਪਰ ਇੱਕ ਵਿਆਹੀ ਔਰਤ ਵਾਂਗ ਦਿਖਣ ਵਿੱਚ ਕੀ ਵੱਡੀ ਗੱਲ ਹੈ? ਅਦਾਕਾਰ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਂਦੇ ਹਨ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਚੋਰੀ-ਛਿਪੇ ਵਿਆਹ ਨਹੀਂ ਕਰਾਂਗੀ।”
ਵਰਕ ਫਰੰਟ ਦੀ ਗੱਲ ਕਰੀਏ, ਤਾਂ ਕੰਗਨਾ ਰਣੌਤ ਅਗਲੀ ਵਾਰ “ਭਾਰਤ ਭਾਗਿਆ ਵਿਧਾਤਾ” ਵਿੱਚ ਦਿਖਾਈ ਦੇਵੇਗੀ, ਜੋ ਕਿ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੌਰਾਨ 400 ਜਾਨਾਂ ਬਚਾਉਣ ਵਾਲੇ ਹਸਪਤਾਲ ਸਟਾਫ ਦੀ ਕਹਾਣੀ ਹੈ। ਇਹ ਫਿਲਮ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
ਕੰਗਨਾ ਰਣੌਤ ਦੀ “ਭਾਰਤ ਭਾਗਿਆ ਵਿਧਾਤਾ” ਇਮਤਿਆਜ਼ ਅਲੀ ਵੱਲੋ ਨਿਰਦੇਸ਼ਿਤ ਅਤੇ ਦਿਲਜੀਤ ਦੋਸਾਂਝ, ਵੇਦਾਂਗ ਰੈਨਾ ਸਟਾਰਰ ਫਿਲਮ “ਮੈਂ ਵਾਪਸੀ ਆਉਂਗਾ” ਨਾਲ ਟਕਰਾਏਗੀ। ਦੋਵੇਂ ਫਿਲਮਾਂ 12 ਜੂਨ ਨੂੰ ਬਾਕਸ ਆਫਿਸ ‘ਤੇ ਟਕਰਾਉਣਗੀਆਂ।