Thursday, June 18
Shadow

ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 18 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਵਿੱਚ ਹਰਿਆਣਾ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੇ ਮੁਲਾਕਾਤ ਕੀਤੀ। ਇਹ ਮੁਲਾਕਾਤ ਚੰਡੀਗੜ੍ਹ ਸਥਿਤ ਸੰਤ ਕਬੀਰ ਕੁਟੀਰ ਵਿਖੇ ਹੋਈ। ਇਸ ਮੌਕੇ ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰੀਆ ਅਤੇ ਹਰਿਆਣਾ ਯੋਗਾਸਨ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਯੁੱਧਵੀਰ ਵੀ ਮੌਜੂਦ ਰਹੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਕਿਹਾ ਕਿ ਹਰਿਆਣਾ ਸਰਕਾਰ ਯੋਗ ਅਤੇ ਯੋਗਾਸਨ ਦੇ ਪ੍ਰਚਾਰ-ਪਸਾਰ ਅਤੇ ਖਿਡਾਰੀਆਂ ਨੂੰ ਬਿਹਤਰ ਮੌਕੇ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗ ਭਾਰਤੀ ਸੰਸਕ੍ਰਿਤੀ ਦੀ ਅਮੂਲ ਵਿਰਾਸਤ ਹੈ ਅਤੇ ਇਸ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਰਾਜ ਸਰਕਾਰ ਵਚਨਬੱਧ ਹੈ। ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਭਵਿੱਖ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਖਿਡਾਰੀਆਂ ਨੇ ਮੁੱਖ ਮੰਤਰੀ ਨੂੰ ਯੋਗਾਸਨ ਖੇਡ ਨੂੰ ਹਰਿਆਣਾ ਦੀ ਖੇਡ ਨੀਤੀ ਵਿੱਚ ਸ਼ਾਮਲ ਕਰਨ ਅਤੇ ਯੋਗਾਸਨ ਖਿਡਾਰੀਆਂ ਨੂੰ ਹੋਰ ਖੇਡਾਂ ਦੇ ਖਿਡਾਰੀਆਂ ਦੇ ਬਰਾਬਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ।

ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਦਾ ਹਿੱਸਾ ਰਹੇ ਹਰਿਆਣਾ ਦੇ 11 ਖਿਡਾਰੀਆਂ ਵਿੱਚ ਅਭਿਸ਼ੇਕ ਸ਼ਰਮਾ, ਅਰਜੁਨ, ਸੁਮਿਤ, ਵਿਕਾਸ ਲਾਠਰ, ਹਰੀ ਸ਼ੰਕਰ, ਬੀਰੇਂਦਰ ਕੁਮਾਰ ਯਾਦਵ, ਮਨੀਸ਼ਾ, ਮਧੂ ਵਰਮਾ, ਦੇਵੀ, ਸ੍ਰਿਸ਼ਟੀ ਅਤੇ ਦੇਵਾਂਸ਼ੀ ਸ਼ਾਮਲ ਰਹੇ।

ਖਿਡਾਰੀਆਂ ਨੇ ਮੁੱਖ ਮੰਤਰੀ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੇ ਪ੍ਰਦਰਸ਼ਨ ਦੀ ਜਾਣਕਾਰੀ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਰਾਜ ਸਰਕਾਰ ਦੇ ਸਹਿਯੋਗ ਅਤੇ ਪ੍ਰੋਤਸਾਹਨ ਨਾਲ ਉਹ ਭਵਿੱਖ ਵਿੱਚ ਵੀ ਅੰਤਰਰਾਸ਼ਟਰੀ ਪੱਧਰ ‘ਤੇ ਹਰਿਆਣਾ ਅਤੇ ਭਾਰਤ ਦਾ ਨਾਂ ਰੌਸ਼ਨ ਕਰਦੇ ਰਹਿਣਗੇ।

ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰੀਆ ਨੇ ਮੁਲਾਕਾਤ ਨੂੰ ਸਕਾਰਾਤਮਕ ਦੱਸਦਿਆਂ ਕਿਹਾ ਕਿ ਯੋਗ ਅਤੇ ਯੋਗਾਸਨ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਕਮਿਸ਼ਨ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਇਹ ਪ੍ਰਾਪਤੀ ਸੂਬੇ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਨੌਜਵਾਨਾਂ ਨੂੰ ਯੋਗ ਅਪਣਾਉਣ ਦੀ ਪ੍ਰੇਰਨਾ ਮਿਲੇਗੀ। ਹਰਿਆਣਾ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਇਸ ਮੌਕੇ ਹਰਿਆਣਾ ਯੋਗ ਕਮਿਸ਼ਨ ਦੇ ਉਪ-ਚੇਅਰਮੈਨ ਸ਼੍ਰੀ ਰੋਸ਼ਨ ਲਾਲ, ਰਜਿਸਟਰਾਰ ਡਾ. ਰਾਜਕੁਮਾਰ, ਰਾਸ਼ਟਰੀ ਕੋਚ ਵਿਕਾਸ ਪਚੌਰੀ ਅਤੇ ਕੋਮਲ ਵਰਮਾ, ਰਾਜ ਕੋਚ ਅੰਸ਼, ਕੀਰਤੀ ਇੰਸਾਂ ਅਤੇ ਨਿਤਿਨ ਕੁਮਾਰ ਸਮੇਤ ਸਾਰੇ ਖਿਡਾਰੀ ਮੌਜੂਦ ਸਨ।