Thursday, June 4
Shadow

ਵਾਲਮੀਕ ਭਾਈਚਾਰੇ ਤੋਂ ਮੁਆਫ਼ੀ ਮੰਗਣ ਪਰਿਵਾਰ ਸਮੇਤ ਵਾਲਮੀਕ ਤੀਰਥ ਪਹੁੰਚਿਆ ਇਹ ਪੰਜਾਬੀ ਕਾਮੇਡੀਅਨ, ਜਾਣੋ ਪੂਰਾ ਮਾਮਲਾ

ਅੰਮ੍ਰਿਤਸਰ: ਪੰਜਾਬੀ ਫ਼ਿਲਮ ਕਾਮੇਡੀਅਨ ਅਤੇ ਅਦਾਕਾਰ ਬੀ.ਐਨ. ਸ਼ਰਮਾ ਅੱਜ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਮਸ਼ਹੂਰ ਵਾਲਮੀਕਿ ਤੀਰਥ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਪਿਛਲੇ ਦਿਨ ਆਪਣੇ ਇੱਕ ਪੋਡਕਾਸਟ ਦੌਰਾਨ ਕੀਤੀ ਵਿਵਾਦਿਤ ਟਿੱਪਣੀ ਲਈ ਵਾਲਮੀਕ ਭਾਈਚਾਰੇ ਤੋਂ ਮੁਆਫ਼ੀ ਮੰਗੀ।

ਵਿਵਾਦ ਵਧਣ ਤੋਂ ਬਾਅਦ ਬੀ.ਐਨ. ਸ਼ਰਮਾ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਅੱਜ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋ ਕੇ ਭਾਈਚਾਰੇ ਤੋਂ ਮੁਆਫ਼ੀ ਮੰਗੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ,”ਪੋਡਕਾਸਟ ਦੌਰਾਨ ਉਨ੍ਹਾਂ ਵੱਲੋਂ ਜਾਣੇ ਜਾਂ ਅਣਜਾਣੇ ਵਿੱਚ ਗਲਤੀ ਹੋ ਗਈ ਸੀ। ਉਨ੍ਹਾਂ ਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਹ ਇਸ ਲਈ ਦਿਲੋਂ ਮੁਆਫ਼ੀ ਮੰਗਦੇ ਹਨ।”

ਦੂਜੇ ਪਾਸੇ, ਵਾਲਮੀਕ ਤੀਰਥ ਐਕਸ਼ਨ ਕਮੇਟੀ ਦੇ ਆਗੂ ਕੁਮਾਰ ਦਰਸ਼ਨ ਨੇ ਕਿਹਾ ਕਿ,”ਬੀ.ਐਨ. ਸ਼ਰਮਾ ਵੱਲੋਂ ਕੀਤੀਆਂ ਟਿੱਪਣੀਆਂ ਕਾਰਨ ਵਾਲਮੀਕ ਭਾਈਚਾਰੇ ਵਿੱਚ ਕਾਫ਼ੀ ਗੁੱਸਾ ਸੀ, ਜਿਸ ਕਰਕੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ। ਅੱਜ ਬੀ.ਐਨ. ਸ਼ਰਮਾ ਨੇ ਆਪਣੇ ਪਰਿਵਾਰ ਸਮੇਤ ਤੀਰਥ ਸਥਾਨ ‘ਤੇ ਪਹੁੰਚ ਕੇ ਆਪਣੀ ਗਲਤੀ ਮੰਨੀ ਹੈ। ਇਸ ਲਈ ਵਾਲਮੀਕ ਭਾਈਚਾਰੇ ਨੇ ਵੱਡਾ ਦਿਲ ਦਿਖਾਉਂਦੇ ਹੋਏ ਉਨ੍ਹਾਂ ਨੂੰ ਮੁਆਫ਼ ਕਰਨ ਦਾ ਫੈਸਲਾ ਕੀਤਾ ਹੈ।”

ਕੀ ਹੈ ਪੂਰਾ ਮਾਮਲਾ?

ਦੱਸ ਦੇਈਏ ਕਿ ਕੁਝ ਦਿਨ ਪਹਿਲਾ ਇੱਕ ਪੋਡਕਾਸਟ ਦੌਰਾਨ ਬੀ.ਐਨ. ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਭਗਵਾਨ ਵਾਲਮੀਕ ਜੀ ਦੀ ਸ਼ਾਨ ਦੇ ਖਿਲਾਫ ਕਥਿਤ ਤੌਰ ‘ਤੇ ਟਿੱਪਣੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਵਾਲਮੀਕ ਭਾਈਚਾਰੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਾਲਮੀਕ ਤੀਰਥ ਐਕਸ਼ਨ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ।