
ਲੰਬੀ / ਸ੍ਰੀ ਮੁਕਤਸਰ ਸਾਹਿਬ 17 ਜੂਨ– ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਮਹਿਣਾ, ਸਿੰਘਵਾਲਾ, ਵੜਿੰਗ ਖੇੜਾ ਅਤੇ ਖੁੱਡੀਆਂ ਗੁਲਾਬ ਸਿੰਘ ਵਿਖੇ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਭਰੋਸਾ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵੱਡੇ ਪੱਧਰ ‘ਤੇ ਕੰਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਮਹਿਣਾ ਵਿੱਚ ਲਗਭਗ 1.5 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕਰਵਾਏ ਗਏ ਹਨ, ਜਦਕਿ ਬਾਕੀ ਪਿੰਡਾਂ ਵਿੱਚ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਪ੍ਰੋਜੈਕਟ ਮੁਕੰਮਲ ਕੀਤੇ ਗਏ ਹਨ।
ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸੜਕਾਂ ਦਾ ਨਿਰਮਾਣ ਅਤੇ ਮੁਰੰਮਤ ਕਰਵਾਈ ਗਈ ਹੈ। ਇਸ ਤੋਂ ਇਲਾਵਾ ਨਹਿਰਾਂ, ਸੂਏਆਂ ਅਤੇ ਕੱਸੀਆਂ ਦੀ ਸਫ਼ਾਈ, ਮੁਰੰਮਤ ਅਤੇ ਨਵੀਆਂ ਉਸਾਰੀਆਂ ਕਰਕੇ ਸਿੰਚਾਈ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਗਏ ਹਨ, ਜਿੱਥੇ ਲੋਕਾਂ ਨੂੰ ਮੁਫ਼ਤ ਇਲਾਜ ਅਤੇ ਦਵਾਈਆਂ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਦੇਣ ਲਈ ਸਿਹਤ ਬੀਮਾ ਕਾਰਡ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਹਰ ਵਰਗ ਤੱਕ ਵੱਧ ਤੋਂ ਵੱਧ ਸਹੂਲਤਾਂ ਪਹੁੰਚਾਉਣ ਲਈ ਨਿਰੰਤਰ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਲਗਭਗ 67,500 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਭਰਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ਹਨ ਅਤੇ ਕਿਸੇ ਵੀ ਉਮੀਦਵਾਰ ਤੋਂ ਇਕ ਰੁਪਇਆ ਵੀ ਨਹੀਂ ਲਿਆ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜਾਂ ਦੀ ਇਹ ਲੜੀ ਜਾਰੀ ਰਹੇਗੀ।
ਇਸ ਮੌਕੇ ਐਕਸੀਅਨ ਮੰਡੀ ਬੋਰਡ ਵੀਨਸ ਗਰਗ, ਬੀਡੀਪੀਓ ਲੰਬੀ ਰਾਕੇਸ਼ ਬਿਸ਼ਨੋਈ, ਐਸਐਮਓ ਲੰਬੀ ਡਾ. ਹਰਿੰਦਰਪਾਲ ਸਿੰਘ, ਡਾ. ਵਿਨੋਦ ਕੁਮਾਰ, ਡਾ. ਸ਼ਕਤੀ, ਐਸਐਚਓ ਕਰਮਜੀਤ ਕੌਰ, ਗੁਰਬਾਜ ਸਿੰਘ ਵਣਵਾਲਾ, ਬਲਵੀਰ ਰਾਮ ਸਰਪੰਚ ਮਹਿਣਾ, ਪ੍ਰਕਾਸ਼ ਰਾਮ ਪ੍ਰਧਾਨ ਬਾਜੀਗਰ ਬਰਾਦਰੀ, ਮਲਕੀਤ ਸਿੰਘ, ਪਰਵਿੰਦਰ ਸਿੰਘ ਬਲਾਕ ਸਮੰਤੀ ਮੈਂਬਰ, ਬੂਟਾ ਸਿੰਘ, ਜਸਵਿੰਦਰ ਸਿੰਘ ਭਾਗੂ, ਜਸਵਿੰਦਰ ਸਿੰਘ ਮਿੱਡੂ ਖੇੜਾ, ਗੁਰਜੀਤ ਸਿੰਘ ਚੰਨੂ, ਓਪਿੰਦਰ ਸਿੰਘ ਚੰਨੂ, ਅੰਗਰੇਜ ਸਿੰਘ ਵਣਵਾਲਾ, ਪਰਮਪਾਲ ਸਿੰਘ ਭਾਗੂ ਸਰਪੰਚ, ਤੋਜੀ ਲੰਬੀ ਤੋਂ ਇਲਾਵਾ ਪਤਵੰਤੇ ਹਾਜਰ ਸਨ।