Wednesday, July 1
Shadow

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਐਸ.ਆਈ.ਆਰ. ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ, 1 ਜੁਲਾਈ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਮੂਹ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼.) ਵੱਲੋਂ ਘਰ-ਘਰ ਜਾ ਕੇ ਕੀਤੇ ਜਾ ਰਹੇ ਗਿਣਤੀ ਕਾਰਜ ਦੀ ਵਿਸਥਾਰ ਨਾਲ ਸਮੀਖਿਆ ਕੀਤੀ।
       ਜ਼ਿਲ੍ਹਾ ਚੋਣ ਅਫ਼ਸਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀ.ਐਲ.ਓਜ਼. ਵੱਲੋਂ ਕੀਤੇ ਜਾ ਰਹੇ ਗਿਣਤੀ ਕਾਰਜ ਦੀ ਜਾਣਕਾਰੀ ਨਿਰਧਾਰਤ ਮੋਬਾਈਲ ਐਪ ‘ਤੇ ਸਮੇਂ ਸਿਰ ਅਪਲੋਡ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਜ਼ਿਲ੍ਹੇ ਦਾ ਕੋਈ ਵੀ ਯੋਗ ਨਾਗਰਿਕ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਤੋਂ ਵਾਂਝਾ ਨਾ ਰਹੇ।
       ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ 1 ਅਕਤੂਬਰ 2026 ਨੂੰ ਯੋਗਤਾ ਤਾਰੀਖ ਨਿਰਧਾਰਤ ਕੀਤੀ ਗਈ ਹੈ। ਇਸ ਤਹਿਤ 24 ਜੁਲਾਈ 2026 ਤੱਕ ਬੀ.ਐਲ.ਓਜ਼. ਘਰ-ਘਰ ਜਾ ਕੇ ਗਿਣਤੀ ਦਾ ਕੰਮ ਕਰਨਗੇ ਅਤੇ ਹਰ ਯੋਗ ਵੋਟਰ ਤੋਂ ਐਨਿਊਮਰੇਸ਼ਨ ਫਾਰਮ ਭਰਵਾਇਆ ਜਾਵੇਗਾ।
       ਆਸ਼ਿਕਾ ਜੈਨ ਨੇ ਦੱਸਿਆ ਕਿ ਜੇਕਰ ਕਿਸੇ ਘਰ ਵਿੱਚ ਵੋਟਰ ਗੈਰ-ਹਾਜ਼ਰ ਮਿਲਦਾ ਹੈ ਜਾਂ ਘਰ ਬੰਦ ਪਾਇਆ ਜਾਂਦਾ ਹੈ ਤਾਂ ਸਬੰਧਤ ਬੀ.ਐਲ.ਓ. ਉਸ ਘਰ ਦਾ ਤਿੰਨ ਵਾਰ ਦੌਰਾ ਕਰੇਗਾ। ਪਹਿਲੀ ਫੇਰੀ ਦੌਰਾਨ ਬੀ.ਐਲ.ਓ. ਆਪਣੇ ਅਗਲੇ ਦੌਰੇ ਸਬੰਧੀ ਸੂਚਨਾ ਘਰ ਦੇ ਦਰਵਾਜ਼ੇ ‘ਤੇ ਚਸਪਾ ਕਰੇਗਾ, ਤਾਂ ਜੋ ਸਬੰਧਤ ਪਰਿਵਾਰ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਸਕੇ ਅਤੇ ਕੋਈ ਵੀ ਵੋਟਰ ਇਸ ਪ੍ਰਕਿਰਿਆ ਤੋਂ ਬਾਹਰ ਨਾ ਰਹੇ।
    ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 24 ਜੁਲਾਈ 2026 ਤੱਕ ਜ਼ਿਲ੍ਹੇ ਦੇ ਪੋਲਿੰਗ ਸਟੇਸ਼ਨਾਂ ਦੇ ਰੈਸ਼ਨਲਾਈਜ਼ੇਸ਼ਨ ਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇ।
          ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਜਿਨ੍ਹਾਂ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਹੋਵੇਗੀ, ਉੱਥੇ ਨਵੇਂ ਪੋਲਿੰਗ ਸਟੇਸ਼ਨ ਸਥਾਪਤ ਕਰਨ ਸਬੰਧੀ ਪ੍ਰਸਤਾਵ ਤਿਆਰ ਕਰਕੇ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਭੇਜੇ ਜਾਣਗੇ, ਤਾਂ ਜੋ ਵੋਟਰਾਂ ਨੂੰ ਵੋਟਿੰਗ ਪ੍ਰਕਿਰਿਆ ਦੌਰਾਨ ਹੋਰ ਵੱਧ ਸਹੂਲਤ ਪ੍ਰਦਾਨ ਕੀਤੀ ਜਾ ਸਕੇ।
     ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਿਧੀ ਕੁਮੁਦ ਬੰਬਾਹ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਗੁਰਕੰਵਲ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਪਰਮਪ੍ਰੀਤ ਸਿੰਘ, ਐਸ.ਡੀ.ਐਮ. ਗੜ੍ਹਸ਼ੰਕਰ ਸੰਜੀਵ ਕੁਮਾਰ, ਐਸ.ਡੀ.ਐਮ. ਦਸੂਹਾ ਕੰਵਲਜੀਤ ਸਿੰਘ, ਐਸ.ਡੀ.ਐਮ. ਮੁਕੇਰੀਆਂ ਜੋਤਸਨਾ, ਤਹਿਸੀਲਦਾਰ ਚੋਣ ਰਮਨਦੀਪ ਕੌਰ ਅਤੇ ਚੋਣ ਕਾਨੂੰਨਗੋ ਲਖਬੀਰ ਸਿੰਘ ਵੀ ਹਾਜ਼ਰ ਸਨ।