
ਤਰਨ ਤਾਰਨ, 24 ਜੂਨ- ਸਬਜ਼ੀਆਂ ਵਿੱਚ ਫ਼ਲ਼ ਦੀ ਮੱਖੀ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਪਿੰਡ ਖਵਾਸਪੁਰ ਵਿਖੇ ਜਾਗਰੂਕਤਾ ਪ੍ਰੋਗਰਾਮ 23 ਜੂਨ 2026 ਨੂੰ ਲਗਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕੱਦੂ ਜਾਤੀ ਦੀਆਂ ਸਬਜ਼ੀਆਂ ਵਿੱਚ ਫ਼ਲ਼ ਦੀ ਮੱਖੀ ਦੀ ਰੋਕਥਾਮ ਲਈ ਵਾਤਾਵਰਣ ਪੱਖੀ ਤਕਨੀਕਾਂ ਬਾਰੇ ਜਾਗਰੂਕ ਕਰਨਾ ਸੀ।
ਡਾ. ਪਰਵਿੰਦਰ ਸਿੰਘ, ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਵੱਖ-ਵੱਖ ਸਬਜ਼ੀਆਂ ਵਿੱਚ ਫ਼ਲ਼ ਦੀ ਮੱਖੀ ਤੋਂ ਹੋਣ ਵਾਲੇ ਨੁਕਸਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਹੀ ਸਮੇਂ ਫ਼ਲ ਦੀ ਤੁੜਾਈ ਕਰ ਲਈ ਜਾਵੇ ਤਾਂ ਇਹ ਫ਼ਲ਼ ਦੀ ਮੱਖੀ ਦੀ ਉਤਪੱਤੀ ਨੂੰ ਘਟਾਉਣ ਵਿੱਚ ਬਹੁਤ ਸਹਾਈ ਹੁੰਦਾ ਹੈ। ਉਨ੍ਹਾਂ ਨੇ ਬਰਸਾਤ ਰੁੱਤ ਦੀਆਂ ਸਬਜ਼ੀਆਂ ਦੀ ਸਫਲਤਾਪੂਰਵਕ ਕਾਸ਼ਤ ਲਈ ਸੁਝਾਅ ਵੀ ਸਾਂਝੇ ਕੀਤੇ ਅਤੇ ਫ਼ਸਲਾਂ ਵਿੱਚ ਮਿੱਟੀ ਪਰਖ ਦੀਆਂ ਸਿਫ਼ਾਰਸ਼ਾਂ ਦੇ ਅਧਾਰ ‘ਤੇ ਖ਼ਾਦਾਂ ਦੀ ਸੰਤੁਲਿਤ ਵਰਤੋਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਡਾ. ਪਰਮਿੰਦਰ ਕੌਰ ਸਹਿਜਪਾਲ, ਪੌਦਾ ਰੋਗ ਮਾਹਿਰ ਨੇ ਫ਼ਲ਼ ਦੀ ਮੱਖੀ ਦੀ ਸਮੇਂ ਸਿਰ ਪਛਾਣ ਅਤੇ ਇਸ ਦੇ ਸੰਯੁਕਤ ਕੀਟ ਪ੍ਰਬੰਧ ਬਾਰੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਫਰੂਟ ਫਲਾਈ ਟਰੈਪ ਇਕ ਵਾਤਾਵਰਣ ਸਹਾਈ ਤਕਨੀਕ ਹੈ ਅਤੇ ਇਸ ਨੂੰ ਸਮੇਂ ਸਿਰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਝੋਨੇ ਦੇ ਮਧਰੇਪਣ ਰੋਗ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਚਰਚਾ ਕੀਤੀ ਅਤੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਸਮੇਂ ਸਿਰ ਨਿਗਰਾਨੀ ਅਤੇ ਰੋਕਥਾਮ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਕਿਸਾਨਾਂ ਨੂੰ ਰਸਾਇਣ-ਰਹਿਤ, ਘੱਟ ਖਰਚੇ ਵਾਲੇ ਤਰੀਕਿਆਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ, ਤਾਂ ਜੋ ਸਬਜ਼ੀ ਵਿੱਚ ਕੀਟਨਾਸ਼ਕਾਂ ਦੇ ਅੰਸ਼ ਘਟ ਸਕਣ। ਕਿਸਾਨਾਂ ਵੱਲੋਂ ਝੋਨੇ/ਬਾਸਮਤੀ, ਫ਼ਲ਼ ਅਤੇ ਸਬਜ਼ੀਆਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਸਬੰਧੀ ਕਈ ਸਵਾਲ ਪੁੱਛੇ ਗਏ। ਅਖ਼ੀਰ ਵਿੱਚ ਕਿਸਾਨਾਂ ਨੂੰ ਫਰੂਟ ਫਲਾਈ ਟਰੈਪ ਮੁਹੱਈਆ ਕਰਵਾਏ ਗਏ ।