Tuesday, June 30
Shadow

ਕੁਰੂਕਸ਼ੇਤਰ ਯੂਨੀਵਰਸਿਟੀ ਸਾਬਕਾ ਵਿਦਿਆਰਥੀ ਨੈਟਵਰਕ ਨੂੰ ਮਜ਼ਬੂਤ ਕਰੇ, ਮੈਧਾਵੀ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨ ਐਲੂਮਨਾਈ – ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼

ਚੰਡੀਗੜ੍ਹ, 30 ਜੂਨ – ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ (ਐਲੂਮਨਾਈ) ਨੈਟਵਰਕ ਦੇ ਨਾਲ ਆਪਣੇ ਜੁੜਾਅ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਬਕਾ ਵਿਦਿਆਰਥੀਆਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਮੈਧਾਵੀ ਵਿਦਿਆਰਥੀਆਂ ਦੀ ਸਹਾਇਤਾ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਆਰਥਿਕ ਤੰਗੀ ਕਿਸੇ ਵੀ ਵਿਦਿਆਰਥੀ ਦੀ ਉੱਚ ਸਿੱਖਿਆ ਵਿੱਚ ਰੁਕਾਵਟ ਨਾ ਬਣੇ।

ਰਾਜਪਾਲ ਲੋਕ ਭਵਨ ਤੋਂ ਵਰਚੁਅਲ ਮਾਧਿਅਮ ਰਾਹੀਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਰੋਜ਼ ਗਾਰਡਨ ਵਿੱਚ ਬਣਨ ਵਾਲੇ ਕੈਫੇਟੇਰੀਆ ਦਾ ਨੀਂਹ ਪੱਥਰ ਰੱਖਣ ਉਪਰੰਤ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ‘ਤੇ ਲੇਡੀ ਗਵਰਨਰ ਸ੍ਰੀਮਤੀ ਮਿੱਤਰਾ ਘੋਸ਼ ਵੀ ਮੌਜ਼ੂਦ ਸਨ।

ਸਿੱਖਿਆ ਦੀ ਪਰਿਵਰਤਨਕਾਰੀ ਸ਼ਕਤੀ ‘ਤੇ ਜ਼ੋਰ ਦਿੰਦਿਆਂ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਯੂਨੀਵਰਸਿਟੀ ਨੂੰ ਅਪੀਲ ਕੀਤੀ ਕਿ ਉਹ ਵਾਂਝੇ ਪਰਿਵਾਰਾਂ ਦੇ ਮੈਧਾਵੀ ਵਿਦਿਆਰਥੀਆਂ ਦੀ ਪਛਾਣ ਕਰੇ, ਵਿਸ਼ੇਸ਼ ਤੌਰ ‘ਤੇ ਅਜਿਹੇ ਪਰਿਵਾਰਾਂ ਦੇ ਵਿਦਿਆਰਥੀਆਂ ਦੀ, ਜਿਨ੍ਹਾਂ ਵਿੱਚ ਪੀੜ੍ਹੀਆਂ ਤੋਂ ਕਿਸੇ ਨੇ ਉੱਚ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇੱਛੁਕ ਸਾਬਕਾ ਵਿਦਿਆਰਥੀਆਂ ਨੂੰ ਅਜਿਹੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਸਪਾਂਸਰ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੀਆਂ ਇੱਛਾਵਾਂ ਨੂੰ ਸਾਕਾਰ ਕਰਕੇ ਸਮਾਜ ਦੇ ਵਿਕਾਸ ਵਿੱਚ ਸਾਰਥਕ ਯੋਗਦਾਨ ਦੇ ਸਕਣ।

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਦੇਸ਼-ਵਿਦੇਸ਼ ਵਿੱਚ ਫੈਲੇ ਸਾਬਕਾ ਵਿਦਿਆਰਥੀ ਭਾਈਚਾਰੇ ਦੀ ਵਿਆਪਕ ਸਮਰੱਥਾ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਮੈਂਟਰਸ਼ਿਪ, ਸਕਾਲਰਸ਼ਿਪ, ਇੰਟਰਨਸ਼ਿਪ, ਖੋਜ ਸਹਿਯੋਗ, ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਰਗੇ ਖੇਤਰਾਂ ਵਿੱਚ ਉਨ੍ਹਾਂ ਦਾ ਯੋਗਦਾਨ ਯੂਨੀਵਰਸਿਟੀ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਿੱਚ ਪਰਿਵਰਤਨਕਾਰੀ ਭੂਮਿਕਾ ਨਿਭਾ ਸਕਦਾ ਹੈ।

ਪ੍ਰੋ. ਘੋਸ਼ ਨੇ ਯੂਨੀਵਰਸਿਟੀ ਦੇ ਵੱਕਾਰੀ ਸਾਬਕਾ ਵਿਦਿਆਰਥੀ ਸ੍ਰੀ ਹੇਮੰਤ ਗੁਪਤਾ ਅਤੇ ਸ੍ਰੀਮਤੀ ਨਲਿਨੀ ਗੁਪਤਾ ਦੁਆਰਾ ਕੈਫੇਟੇਰੀਆ ਦੇ ਨਿਰਮਾਣ ਲਈ 5 ਲੱਖ ਅਮਰੀਕੀ ਡਾਲਰ ਦਾ ਦਾਨ ਦੇਣ ਦੇ ਉਦਾਰ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਰਾਜਪਾਲ ਨੇ ਇਸ ਨੂੰ ਸਾਬਕਾ ਵਿਦਿਆਰਥੀਆਂ ਦੀ ਆਪਣੇ ਸਿੱਖਿਆ ਸੰਸਥਾਨ ਪ੍ਰਤੀ ਵਚਨਬੱਧਤਾ ਅਤੇ ਉਦਾਰਤਾ ਦੀ ਉੱਤਮ ਮਿਸਾਲ ਦੱਸਦਿਆਂ ਕਿਹਾ ਕਿ ਇਸ ਨਾਲ ਹੋਰ ਸਾਬਕਾ ਵਿਦਿਆਰਥੀ ਵੀ ਆਪਣੀ ਮਾਂ-ਸੰਸਥਾ (ਅਲਮਾ ਮੇਟਰ) ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਹੋਣਗੇ।

ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣੇ ਨਵਾਂ ਕੈਫੇਟੇਰੀਆਰਾਜਪਾਲ ਨੇ ਸੰਚਾਲਨ ਔਰਤਾਂ ਨੂੰ ਸੌਂਪਣ ਦਾ ਦਿੱਤਾ ਸੁਝਾਅ

ਰਾਜਪਾਲ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਔਰਤਾਂ ਦੀ ਉੱਚ ਸਿੱਖਿਆ ਦੇ ਇੱਕ ਮੋਹਰੀ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ, ਜਿੱਥੇ ਕੈਂਪਸ ਵਿੱਚ ਵਿਦਿਆਰਥਣਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸੁਝਾਅ ਦਿੰਦਿਆਂ ਕਿਹਾ ਕਿ ਪ੍ਰਸਤਾਵਿਤ ਕੈਫੇਟੇਰੀਆ ਦਾ ਸੰਚਾਲਨ ਪੂਰੀ ਤਰ੍ਹਾਂ ਔਰਤਾਂ ਦੀ ਟੀਮ ਦੁਆਰਾ ਕੀਤਾ ਜਾਵੇ। ਇਸ ਨਾਲ ਨਾ ਸਿਰਫ਼ ਮਹਿਲਾ ਲੀਡਰਸ਼ਿਪ ਅਤੇ ਉੱਦਮਤਾ ਨੂੰ ਉਤਸ਼ਾਹਿਤ ਮਿਲੇਗਾ, ਸਗੋਂ ਮਹਿਲਾ ਸਸ਼ਕਤੀਕਰਨ ਦਾ ਇੱਕ ਪ੍ਰਭਾਵਸ਼ਾਲੀ ਅਤੇ ਵਿਹਾਰਕ ਮਾਡਲ ਵਿਕਸਿਤ ਹੋਵੇਗਾ।

ਇਸ ਤੋਂ ਪਹਿਲਾਂ ਰਾਜਪਾਲ ਨੇ ਵਰਚੁਅਲ ਮਾਧਿਅਮ ਰਾਹੀਂ ਕੈਫੇਟੇਰੀਆ ਦੇ ਨੀਂਹ ਪੱਥਰ ਵਾਲੀ ਤਖ਼ਤੀ ਤੋਂ ਪਰਦਾ ਚੁੱਕਿਆ, ਪ੍ਰੋਜੈਕਟ ਦੇ ਬਰੋਸ਼ਰ ਨੂੰ ਜਾਰੀ ਕੀਤਾ ਅਤੇ ਲੇਡੀ ਗਵਰਨਰ ਸ਼੍ਰੀਮਤੀ ਮਿੱਤਰਾ ਘੋਸ਼ ਦੇ ਨਾਲ ਪੌਦੇ ਲਗਾਏ।

ਪ੍ਰੋਗਰਾਮ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਵੀਰੇਂਦਰ ਪਾਲ, ਕੇ.ਯੂ. ਐਲੂਮਨਾਈ ਐਸੋਸੀਏਸ਼ਨ ਦੇ ਡਾਇਰੈਕਟਰ ਡਾ. ਅਨਿਲ ਮਿੱਤਲ, ਯੁਵਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਡਾਇਰੈਕਟਰ ਡਾ. ਵਿਵੇਕ ਚਾਵਲਾ ਸਮੇਤ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਯੂਨੀਵਰਸਿਟੀ ਦੇ ਸਟਾਫ਼ ਅਤੇ ਵਿਦਿਅਕ ਭਾਈਚਾਰੇ ਦੇ ਮੈਂਬਰ ਵੀ ਕੈਂਪਸ ਤੋਂ ਵਰਚੁਅਲ ਮਾਧਿਅਮ ਰਾਹੀਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ।