
ਚੰਡੀਗੜ੍ਹ, 1 ਜੁਲਾਈ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 325 ਅੰਮ੍ਰਿਤ ਸਰੋਵਰਾਂ ਦੇ ਨਾਲ-ਨਾਲ 70 ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸਾਂ ਜਨਤਾ ਨੂੰ ਸਮਰਪਿਤ ਕੀਤੀਆਂ ਹਨ। ਮੁੱਖ ਮੰਤਰੀ ਬੁੱਧਵਾਰ ਨੂੰ ਅੰਬਾਲਾ ਦੇ ਨਰਾਇਣਗੜ੍ਹ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਕੁੱਲ 337 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਸ਼ੁਰੂਆਤ ਕੀਤੀ। ਇਸ ਵਿੱਚ 114 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 7 ਮਹੱਤਵਪੂਰਨ ਸਿਹਤ ਪ੍ਰੋਜੈਕਟ ਸ਼ਾਮਲ ਹਨ। ਇਸ ਦੇ ਨਾਲ ਹੀ 223 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ 325 ਅੰਮ੍ਰਿਤ ਸਰੋਵਰ ਵੀ ਸੂਬੇ ਦੀ ਜਨਤਾ ਨੂੰ ਸਮਰਪਿਤ ਕੀਤੇ ਗਏ।
ਪ੍ਰੋਗਰਾਮ ਦੌਰਾਨ ਸੂਬੇ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਵਿਧਾਇਕ ਸ੍ਰੀਮਤੀ ਸ਼ੈਲੀ ਚੌਧਰੀ, ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਐਨ.ਐਚ.ਐਮ. ਦੇ ਐਮ.ਡੀ. ਆਰ.ਐਸ. ਢਿੱਲੋਂ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸ੍ਰੀ ਅਨੀਸ਼ ਯਾਦਵ ਵੀ ਮੌਜੂਦ ਸਨ। ਪ੍ਰੋਗਰਾਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਯੋਜਿਤ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰ ਰਹੇ ਮੰਤਰੀ ਅਤੇ ਵਿਧਾਇਕ ਅਤੇ ਹੋਰ ਮਾਣਯੋਗ ਵਿਅਕਤੀ ਵੀ ਜੁੜੇ ਸਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਮੌਕਾ ਸਿਰਫ਼ ਨਰਾਇਣਗੜ੍ਹ ਲਈ ਹੀ ਨਹੀਂ, ਸਗੋਂ ਪੂਰੇ ਹਰਿਆਣਾ ਲਈ ਇੱਕ ਇਤਿਹਾਸਕ ਮੌਕਾ ਹੈ, ਜਦੋਂ ਉਨ੍ਹਾਂ ਅੱਜ 337 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਸ਼ੁਰੂਆਤ ਕੀਤੀ ਹੈ। ਇਹ ਸਿਰਫ਼ ਪ੍ਰੋਜੈਕਟਾਂ ਦਾ ਉਦਘਾਟਨ ਨਹੀਂ ਹੈ, ਸਗੋਂ ਸਵਸਥ ਹਰਿਆਣਾ, ਖੁਸ਼ਹਾਲ ਹਰਿਆਣਾ ਅਤੇ ਵਿਕਸਿਤ ਹਰਿਆਣਾ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਇਸ ਤੋਂ ਪਹਿਲਾਂ ਉਨ੍ਹਾਂ ‘ਡਾਕਟਰਜ਼ ਡੇ’ (ਡਾਕਟਰ ਦਿਵਸ) ਦੇ ਮੌਕੇ ‘ਤੇ ਦੇਸ਼ ਅਤੇ ਸੂਬੇ ਦੇ ਸਾਰੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਸਟਾਫ਼, ਆਸ਼ਾ ਵਰਕਰਾਂ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਸਾਰੇ ਕਰਮੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਭਾਰਤ ਦੇ ਮਹਾਨ ਡਾਕਟਰ, ਪ੍ਰਸਿੱਧ ਆਜ਼ਾਦੀ ਘੁਲਾਟੀਏ, ਉੱਤਮ ਪ੍ਰਸ਼ਾਸਕ ਅਤੇ ਦੂਰਦਰਸ਼ੀ ਰਾਸ਼ਟਰ ਨਿਰਮਾਤਾ ਡਾ. ਬਿਧਾਨ ਚੰਦਰ ਰਾਏ ਨੂੰ ਸ਼ਰਧਾਪੂਰਵਕ ਨਮਨ ਕੀਤਾ। ਉਨ੍ਹਾਂ ਕਿਹਾ ਕਿ ਡਾ. ਰਾਏ ਦਾ ਇਹ ਵਿਚਾਰ ਕਿ “ਸਵਸਥ ਨਾਗਰਿਕ ਹੀ ਮਜ਼ਬੂਤ ਰਾਸ਼ਟਰ ਦੀ ਸਭ ਤੋਂ ਵੱਡੀ ਸ਼ਕਤੀ ਹੁੰਦੇ ਹਨ” ਅੱਜ ਵੀ ਬਹੁਤ ਪ੍ਰਸੰਗਿਕ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਸਾਢੇ 11 ਸਾਲਾਂ ਵਿੱਚ ਨਰਾਇਣਗੜ੍ਹ ਵਿਧਾਨਸਭਾ ਖੇਤਰ ਵਿੱਚ ਲਗਾਤਾਰ ਵਿਕਾਸ ਕਾਰਜ ਕੀਤੇ ਗਏ ਹਨ। ਅੱਜ ਦੇ ਪ੍ਰੋਜੈਕਟਾਂ ਸਮੇਤ ਇਸ ਖੇਤਰ ਵਿੱਚ 858 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਖੇਤਰ ਵਿੱਚ ਕਰਵਾਏ ਗਏ ਪ੍ਰਮੁੱਖ ਵਿਕਾਸ ਕਾਰਜਾਂ ਦਾ ਵਰਨਣ ਕਰਦਿਆਂ ਕਿਹਾ ਕਿ ਯਮੁਨਾਨਗਰ-ਪੰਚਕੂਲਾ ਰਾਸ਼ਟਰੀ ਰਾਜਮਾਰਗ ਸੰਖਿਆ-73 ਦਾ ਨਿਰਮਾਣ 1,112 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਬੜਾਗੜ੍ਹ ਵਿੱਚ ਸਰਕਾਰੀ ਮਹਿਲਾ ਕਾਲਜ, ਫਤਿਹਗੜ੍ਹ-ਰਾਏਵਾਲੀ ਸੜਕ ਅਤੇ ਪੁਲ, ਨਰਾਇਣਗੜ੍ਹ ਫੋਰਲੇਨ ਸੜਕ, ਰਾਏਵਾਲੀ ਸੜਕ, ਆਧੁਨਿਕ ਖੇਡ ਸਟੇਡੀਅਮ ਸਮੇਤ ਅਨੇਕਾਂ ਵਿਕਾਸ ਕਾਰਜ ਮੁਕੰਮਲ ਕੀਤੇ ਗਏ ਹਨ। ਸ਼ਹਿਜ਼ਾਦਪੁਰ ਅਤੇ ਅੰਬਲੀ ਵਿੱਚ ਸੀ.ਐਚ.ਸੀ. ਭਵਨ ਅਤੇ ਭੂਰੇਵਾਲਾ, ਧਨਾਨਾ ਅਤੇ ਚਾਣਸੌਲੀ ਵਿੱਚ ਪੀ.ਐਚ.ਸੀ. ਭਵਨਾਂ ਦਾ ਨਿਰਮਾਣ ਅਤੇ ਵਿਸਤਾਰ ਕੀਤਾ ਗਿਆ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਲਗਭਗ 32 ਕਰੋੜ ਰੁਪਏ ਦੀ ਲਾਗਤ ਨਾਲ ਬਣੇ 50-ਬੈੱਡ ਦੇ ਨਵੇਂ ਹਸਪਤਾਲ ਬਲਾਕ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਨਾਲ ਸਿਵਲ ਹਸਪਤਾਲ ਦੀ ਸਮਰੱਥਾ 100 ਬਿਸਤਰਿਆਂ ਦੀ ਹੋ ਗਈ ਹੈ। ਨਾਲ ਹੀ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਬਲਾਕ ਪਬਲਿਕ ਹੈਲਥ ਯੂਨਿਟ ਦਾ ਸ਼ੁਭਾਰੰਭ ਕੀਤਾ ਗਿਆ ਹੈ, ਜੋ ਸਥਾਨਕ ਪੱਧਰ ‘ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰੇਗੀ।
ਉਨ੍ਹਾਂ ਕਿਹਾ ਕਿ ਚਾਣਸੌਲੀ ਵਿੱਚ 13 ਕਰੋੜ ਰੁਪਏ ਦੀ ਲਾਗਤ ਨਾਲ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਦਾ ਖੇਤਰੀ ਬਾਗਬਾਨੀ ਖੋਜ ਕੇਂਦਰ ਸਥਾਪਤ ਕੀਤਾ ਗਿਆ ਹੈ। ਮੌਜੂਦਾ ਵਿੱਤੀ ਵਰ੍ਹੇ ਦੇ ਬਜਟ ਵਿੱਚ ਨਰਾਇਣਗੜ੍ਹ ਲਈ ਨਵੇਂ ਸਰਕਾਰੀ ਪੌਲੀਟੈਕਨਿਕ ਸੰਸਥਾਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 10 ਨਵੇਂ ਆਈ.ਐਮ.ਟੀ. ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਆਈ.ਐਮ.ਟੀ. ਅੰਬਾਲਾ ਅਤੇ ਨਰਾਇਣਗੜ੍ਹ ਵੀ ਸ਼ਾਮਲ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” ਦੇ ਮੰਤਰ ਨੂੰ ਸਰਕਾਰ ਨੇ ਜ਼ਮੀਨੀ ਪੱਧਰ ‘ਤੇ ਉਤਾਰਿਆ ਹੈ। ਪ੍ਰਧਾਨ ਮੰਤਰੀ ਦੀ 4,400 ਤੋਂ ਵੱਧ ਦਿਨਾਂ ਦੀ ਅਗਵਾਈ ਵਿੱਚ ਭਾਰਤ ਵਿਸ਼ਵ ਦੀਆਂ ਮੋਹਰੀ ਸ਼ਕਤੀਆਂ ਵਿੱਚ ਸ਼ਾਮਲ ਹੋ ਰਿਹਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਆਪਣੇ ਸੰਕਲਪਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਵਿਧਾਨਸਭਾ ਚੋਣਾਂ ਦੇ ਸੰਕਲਪ-ਪੱਤਰ ਦੇ 217 ਵਾਅਦਿਆਂ ਵਿੱਚੋਂ 66 ਪੂਰੇ ਕੀਤੇ ਜਾ ਚੁੱਕੇ ਹਨ, ਜਦੋਂ ਕਿ 151 ਵਾਅਦਿਆਂ ‘ਤੇ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਸਸ਼ਕਤੀਕਰਨ ਲਈ ‘ਦੀਨਦਿਆਲ ਲਾਡੋ ਲਛਮੀ ਯੋਜਨਾ’ ਤਹਿਤ 2,100 ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾ ਰਹੀ ਹੈ, ਜਿਸ ਦੇ ਤਹਿਤ ਲਗਭਗ 10 ਲੱਖ ਮਹਿਲਾਵਾਂ ਨੂੰ 1,415 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਗਰੀਬ ਪਰਿਵਾਰਾਂ ਨੂੰ ਰਾਹਤ ਦੇਣ ਲਈ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈ, ਜਿਸ ਦੇ ਤਹਿਤ 14.42 ਲੱਖ ਲਾਭਕਾਰਾਂ ਨੂੰ 282 ਕਰੋੜ ਰੁਪਏ ਦੀ ਰਕਮ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤ ਵਿੱਚ ਸੂਬੇ ਦੀਆਂ ਸਾਰੀਆਂ 24 ਫ਼ਸਲਾਂ ਦੀ ਖਰੀਦ ਐਮ.ਐਸ.ਪੀ. ‘ਤੇ ਕੀਤੀ ਜਾ ਰਹੀ ਹੈ। ਹੁਣ ਤੱਕ 12 ਲੱਖ ਕਿਸਾਨਾਂ ਨੂੰ 1.80 ਲੱਖ ਕਰੋੜ ਰੁਪਏ ਸਿੱਧੇ ਖਾਤਿਆਂ ਵਿੱਚ ਦਿੱਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ 11 ਸਾਲਾਂ ਵਿੱਚ ਕਿਸਾਨਾਂ ਨੂੰ ਫ਼ਸਲ ਖਰਾਬੇ ਅਤੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ 16,530 ਕਰੋੜ ਰੁਪਏ ਦਿੱਤੇ ਗਏ ਹਨ, ਜਦੋਂ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਇਹ ਰਾਸ਼ੀ 1,138 ਕਰੋੜ ਰੁਪਏ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ 269 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਬਕਾਇਆ ਛੱਡ ਕੇ ਗਈ ਸੀ, ਜਿਸ ਨੂੰ ਸਰਕਾਰ ਨੇ 2014 ਤੋਂ ਬਾਅਦ ਜਾਰੀ ਕੀਤਾ।
ਨਕਲੀ ਖਾਦ, ਬੀਜ ਅਤੇ ਕੀਟਨਾਸ਼ਕਾਂ ਦੇ ਖਿਲਾਫ ਸਖਤ ਕਾਨੂੰਨ ਬਣਾ ਕੇ 5 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਮੁੱਖ ਮੰਤਰੀ ਬਾਗਬਾਨੀ ਬੀਮਾ ਯੋਜਨਾ ਤਹਿਤ 46 ਫ਼ਸਲਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਹੁਣ ਤੱਕ 157 ਕਿਸਾਨਾਂ ਨੂੰ 1.40 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।
ਸੂਬੇ ਵਿੱਚ ਜ਼ਮੀਨ ਅਤੇ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਪੇਪਰਲੈੱਸ ਅਤੇ ਡਿਜੀਟਲ ਕਰ ਦਿੱਤੀ ਗਈ ਹੈ। ਨਾਲ ਹੀ ਪੱਛੜੀ ਸ਼੍ਰੇਣੀ ਦੀ ਕ੍ਰੀਮੀਲੇਅਰ ਆਮਦਨ ਸੀਮਾ 6 ਲੱਖ ਤੋਂ ਵਧਾ ਕੇ 8 ਲੱਖ ਰੁਪਏ ਕੀਤੀ ਗਈ ਹੈ ਅਤੇ ਪੱਛੜੀ ਸ਼੍ਰੇਣੀ-ਬੀ ਨੂੰ ਰਾਖਵਾਂਕਰਨ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਵਰਨਣ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤਹਿਤ 1.56 ਲੱਖ ਮਕਾਨ ਦਿੱਤੇ ਗਏ ਹਨ। ਮੁੱਖ ਮੰਤਰੀ ਆਵਾਸ ਯੋਜਨਾ-ਸ਼ਹਿਰੀ ਤਹਿਤ 18,470 ਪਰਿਵਾਰਾਂ ਨੂੰ ਅਤੇ ਗ੍ਰਾਮੀਣ ਯੋਜਨਾ ਤਹਿਤ 12,031 ਪਲਾਟ ਦਿੱਤੇ ਗਏ ਹਨ। ਕਿਡਨੀ ਦੇ ਮਰੀਜ਼ਾਂ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਡਾਇਲਸਿਸ ਸਹੂਲਤ ਉਪਲਬਧ ਕਰਵਾਈ ਗਈ ਹੈ। 17 ਜ਼ਿਲ੍ਹਿਆਂ ਵਿੱਚ ਡੇ-ਕੇਅਰ ਕੈਂਸਰ ਸੈਂਟਰ ਸ਼ੁਰੂ ਹੋਣ ਤੋਂ ਬਾਅਦ ਹੁਣ ਸਾਰੇ 22 ਜ਼ਿਲ੍ਹਿਆਂ ਵਿੱਚ ਕੈਂਸਰ ਦੇ ਇਲਾਜ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ 11 ਸਾਲਾਂ ਵਿੱਚ 1.83 ਲੱਖ ਨੌਜਵਾਨਾਂ ਨੂੰ ਬਿਨਾਂ ਖਰਚੀ ਅਤੇ ਬਿਨਾਂ ਪਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਪੁਲਿਸ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ, ਨਾਲ ਹੀ 4 ਹਜ਼ਾਰ ਦਾ ਪਹਿਲਾਂ ਵੀ ਨਤੀਜਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਰਿਆਣਾ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਵੀ ਭਰਤੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ 350 ਅਟਲ ਲਾਇਬ੍ਰੇਰੀਆਂ ਦਾ ਉਦਘਾਟਨ ਵੀ ਕੀਤਾ ਸੀ। ਅੱਜ ਅੰਮ੍ਰਿਤ ਸਰੋਵਰਾਂ ਦਾ ਉਦਘਾਟਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਈ ਖੇਤਰਾਂ ਵਿੱਚ ਭੂ-ਜਲ ਦਾ ਪੱਧਰ ਹੇਠਾਂ ਚਲਾ ਗਿਆ ਹੈ, ਅਜਿਹੇ ਵਿੱਚ ਇਨ੍ਹਾਂ ਸਰੋਵਰਾਂ ਦੇ ਬਣਾਉਣ ਦਾ ਉਦੇਸ਼ ਇਹੀ ਹੈ ਕਿ ਪਾਣੀ ਨੂੰ ਇਕੱਠਾ ਕਰਕੇ ਇਸ ਸਮੱਸਿਆ ਦਾ ਹੱਲ ਹੋ ਸਕੇ। ਉਨ੍ਹਾਂ ਹਾਜ਼ਰ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਕੁਦਰਤੀ ਖੇਤੀ ਨੂੰ ਅਪਣਾਉਣ। ਮੁੱਖ ਮੰਤਰੀ ਨੇ ਇਸ ਦੌਰਾਨ ਸਰਕਾਰ ਦੁਆਰਾ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਅਤੇ ਉਨ੍ਹਾਂ ਲਈ ਚੁੱਕੇ ਗਏ ਕਦਮਾਂ ਦਾ ਵਰਨਣ ਵੀ ਕੀਤਾ।
ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦਾ ਜਤਾਇਆ ਧੰਨਵਾਦ
ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦਿਆਂ ਸੂਬੇ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਸਰਕਾਰ ਆਮ ਜਨਤਾ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਨਾ ਸਿਰਫ਼ ਬਿਹਤਰ ਸਹੂਲਤਾਂ ਵਿੱਚ ਵਾਧਾ ਕਰਨਾ ਹੈ, ਸਗੋਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਦੇ ਹੋਏ ਬਿਮਾਰੀਆਂ ਦੀ ਰੋਕਥਾਮ ਕਰਨਾ ਵੀ ਹੈ। ਅੱਜ ਤੋਂ ਮਾਨਸਿਕ ਸਿਹਤ ਸੇਵਾਵਾਂ ਨੂੰ ਸੁਧਾਰਨ ਲਈ ਬਲਾਕ ਪੱਧਰ ‘ਤੇ ਵੀ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਹੋ ਗਿਆ ਹੈ। ਨਾਲ ਹੀ ਰਾਜ ਦੀਆਂ ਐਮਰਜੈਂਸੀ ਸੇਵਾਵਾਂ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਵਿੱਚ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਅਤੇ ਮਜ਼ਬੂਤ ਕੀਤਾ ਜਾ ਰਿਹਾ ਹੈ।
ਸੂਬੇ ਵਿੱਚ ਤਾਇਨਾਤ ਹੋਣਗੀਆਂ ਤਮਾਮ ਐਂਬੂਲੈਂਸਾਂ, 112 ਨਾਲ ਕਨੈਕਟ ਵੀ ਹੋਣਗੀਆਂ
ਉੱਥੇ ਹੀ, ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੂਬਾ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਸੇ ਤਹਿਤ ਨਰਾਇਣਗੜ੍ਹ ਦੇ ਹਸਪਤਾਲ ਵਿੱਚ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ 7 ਮਹੱਤਵਪੂਰਨ ਪ੍ਰੋਜੈਕਟਾਂ ਦਾ ਮੁੱਖ ਮੰਤਰੀ ਨੇ ਸ਼ੁਭਾਰੰਭ ਕੀਤਾ ਹੈ। ਮਾਨਸਿਕ ਸਿਹਤ ਸੇਵਾਵਾਂ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦੇ ਹੋਏ ਕਾਊਂਸਲਰ ਦੀ ਰੋਟੇਸ਼ਨ ਵਾਈਜ਼ ਸਹੂਲਤ ਹੁਣ ਵਿਦਿਅਕ ਸੰਸਥਾਵਾਂ ਵਿੱਚ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸੀ.ਐਸ.ਆਰ. ਫੰਡ ਤੋਂ ਕਰੀਬ 20 ਕਰੋੜ ਰੁਪਏ ਦੀ ਮਸ਼ੀਨਰੀ ਆਦਿ ਦੀ ਸਹੂਲਤ ਵੀ ਸੂਬੇ ਦੀ ਜਨਤਾ ਨੂੰ ਸਮਰਪਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੋ ਐਂਬੂਲੈਂਸਾਂ ਜਨਤਾ ਨੂੰ ਸਮਰਪਿਤ ਕੀਤੀਆਂ ਗਈਆਂ ਹਨ, ਉਹ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਹੋਣਗੀਆਂ, ਅਤੇ ਡਾਇਲ 112 ਨਾਲ ਐਮਰਜੈਂਸੀ ਲਈ ਕਨੈਕਟ ਹੋਣਗੀਆਂ।
ਆਈ.ਐਮ.ਟੀ. ਸਮੇਤ ਹੋਰ ਪ੍ਰੋਜੈਕਟਾਂ ਲਈ ਜਤਾਇਆ ਧੰਨਵਾਦ
ਨਰਾਇਣਗੜ੍ਹ ਦੀ ਵਿਧਾਇਕ ਸ਼੍ਰੀਮਤੀ ਸ਼ੈਲੀ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਰਾਇਣਗੜ੍ਹ ਨੂੰ ਜੋ ਸਿਹਤ ਸੇਵਾਵਾਂ ਦੀ ਸੌਗਾਤ ਦਿੱਤੀ ਹੈ, ਇਸ ਲਈ ਉਹ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦੇ ਹਨ। ਉਨ੍ਹਾਂ ਖਾਸ ਤੌਰ ‘ਤੇ ਨਰਾਇਣਗੜ੍ਹ ਨੂੰ ਮੁੱਖ ਮੰਤਰੀ ਦੇ ਯਤਨਾਂ ਨਾਲ ਮਿਲੇ ਆਈ.ਐਮ.ਟੀ. ਪ੍ਰੋਜੈਕਟ ਲਈ ਵੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਰਿਆਣਾ ਦੀ ਜਨਤਾ ਦੀ ਸੇਵਾ ਲਈ ਦਿਨ-ਰਾਤ ਲੱਗੇ ਰਹਿੰਦੇ ਹਨ, ਇਸ ਨਾਲ ਸੂਬੇ ਦੀ ਜਨਤਾ ਨੂੰ ਸਾਰੀਆਂ ਸਹੂਲਤਾਂ ਉਨ੍ਹਾਂ ਦੇ ਘਰਾਂ ‘ਤੇ ਮਿਲ ਰਹੀਆਂ ਹਨ।
ਉੱਥੇ ਹੀ, ਪ੍ਰੋਗਰਾਮ ਨੂੰ ਭਾਜਪਾ ਨੇਤਾ ਬੰਤੋ ਕਟਾਰੀਆ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਸਾਬਕਾ ਵਿਧਾਇਕ ਸ੍ਰੀ ਪਵਨ ਸੈਣੀ, ਸਾਬਕਾ ਮੰਤਰੀ ਸੰਤੋਸ਼ ਸਾਰਵਾਨ, ਜ਼ਿਲ੍ਹਾ ਪ੍ਰਧਾਨ ਸ੍ਰੀ ਮਨਦੀਪ ਰਾਣਾ, ਸ੍ਰੀ ਰਾਜੇਸ਼ ਬਤੌਰ, ਵਾਈਸ ਚੇਅਰਮੈਨ ਸ੍ਰੀ ਰਾਕੇਸ਼ ਬਿੰਦਲ, ਮਾਰਕੀਟ ਕਮੇਟੀ ਚੇਅਰਮੈਨ ਸ੍ਰੀ ਨਰਿੰਦਰ ਰਾਣਾ, ਨਗਰ ਪਾਲਿਕਾ ਚੇਅਰਮੈਨ ਸ੍ਰੀਮਤੀ ਆਇਨਾ ਗੁਪਤਾ ਵੀ ਮੌਜੂਦ ਸਨ।