Tuesday, June 30
Shadow

ਕੌਮੀ ਅਧਿਆਪਕ ਪੁਰਸਕਾਰ ਲਈ ਅਰਜ਼ੀਆਂ ਮੰਗੀਆਂ; 10 ਜੁਲਾਈ ਤੱਕ ਕੀਤਾ ਜਾ ਸਕਦੈ ਅਪਲਾਈ

ਚੰਡੀਗੜ੍ਹ, 30 ਜੂਨ: ਕੇਂਦਰੀ ਸਿੱਖਿਆ ਮੰਤਰਾਲੇ ਨੇ ‘ਨੈਸ਼ਨਲ ਐਵਾਰਡ ਫਾਰ ਟੀਚਰਜ਼ 2026’ (ਅਧਿਆਪਕਾਂ ਲਈ ਰਾਸ਼ਟਰੀ ਪੁਰਸਕਾਰ) ਵਾਸਤੇ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਇਹ ਪੁਰਸਕਾਰ ਦੇਸ਼ ਵਿੱਚ ਅਧਿਆਪਕਾਂ ਨੂੰ ਦਿੱਤੇ ਜਾਣ ਵਾਲੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹੈ। ਇਹ ਪੁਰਸਕਾਰ ਉਨ੍ਹਾਂ ਅਧਿਆਪਕਾਂ ਨੂੰ ਮਾਨਤਾ ਦਿੰਦਾ ਅਤੇ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਸਕੂਲ ਸਿੱਖਿਆ ਰਾਹੀਂ ਦੇਸ਼ ਦੇ ਭਵਿੱਖ ਨੂੰ ਦਿਸ਼ਾ ਦੇਣ ਵਿੱਚ ਬੇਮਿਸਾਲ ਉੱਤਮਤਾ, ਨਵੀਨਤਾ (ਇਨੋਵੇਸ਼ਨ) ਅਤੇ ਅਟੁੱਟ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ।

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਚਾਹਵਾਨ ਅਧਿਆਪਕ ਇਸ ਐਵਾਰਡ ਲਈ http://nationalawardstoteachers.education.gov.in ਉਤੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ, ਜਿਸ ਲਈ ਸਾਰੇ ਰੈਗੂਲਰ ਅਧਿਆਪਕ, ਸਕੂਲ ਮੁਖੀ/ਇੰਚਾਰਜ ਯੋਗ ਹਨ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 10 ਜੁਲਾਈ, 2026 ਹੈ।

10 ਜੁਲਾਈ ਤੋਂ ਬਾਅਦ, ਜ਼ਿਲ੍ਹਾ ਚੋਣ ਕਮੇਟੀ ਉਮੀਦਵਾਰਾਂ ਦੀ ਸਕ੍ਰੀਨਿੰਗ ਕਰੇਗੀ। ਇਸ ਤੋਂ ਬਾਅਦ ਰਾਜ ਚੋਣ ਕਮੇਟੀ ਸ਼ਾਰਟਲਿਸਟ ਕੀਤੇ ਯੋਗ ਅਧਿਆਪਕਾਂ ਦੀ ਅੱਗੇ ਫਿਰ ਸਕ੍ਰੀਨਿੰਗ ਕਰੇਗੀ ਅਤੇ 31 ਜੁਲਾਈ, 2026 ਤੱਕ ਸੁਤੰਤਰ ਰਾਸ਼ਟਰੀ ਜਿਊਰੀ (ਇੰਡੀਪੈਂਡੈਂਟ ਨੈਸ਼ਨਲ ਜਿਊਰੀ) ਨੂੰ ਛੇ ਨਾਮਜ਼ਦਗੀਆਂ ਭੇਜੇਗੀ। ਇਹ ਜਿਊਰੀ ਰਾਜ ਦੇ ਨਾਮਜ਼ਦ ਉਮੀਦਵਾਰਾਂ ਵਿੱਚੋਂ ਅੰਤਿਮ ਜੇਤੂਆਂ ਦੀ ਚੋਣ ਕਰੇਗੀ।

ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਸੁਤੰਤਰ ਰਾਸ਼ਟਰੀ ਜਿਊਰੀ ਦੇ ਸਾਹਮਣੇ ਆਪਣੇ ਕੰਮ, ਪ੍ਰਾਪਤੀਆਂ ਅਤੇ ਅਧਿਆਪਨ ਦੇ ਨਵੀਨ ਢੰਗ-ਤਰੀਕਿਆਂ (ਅਧਿਆਪਨ ਅਭਿਆਸਾਂ) ਨੂੰ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇਗਾ। ਇਹ ਪ੍ਰੈਜੈਂਟੇਸ਼ਨ ਸਿੱਖਣ ਦੇ ਨਤੀਜਿਆਂ ਨੂੰ ਸੁਧਾਰਨ, ਨਵੀਨ ਸਿੱਖਿਆ ਅਭਿਆਸਾਂ ਨੂੰ ਅਪਣਾਉਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਨਾਮਜ਼ਦ ਵਿਅਕਤੀ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰੇਗੀ। ਅਖੀਰ ਵਿੱਚ ਇੱਕ ਵਿਆਪਕ ਮੁਲਾਂਕਣ ਮੈਟਰਿਕਸ ਦੇ ਅਧਾਰ ‘ਤੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਅਧਿਆਪਕ ਨੂੰ ਰਾਸ਼ਟਰੀ ਪੁਰਸਕਾਰ ਲਈ ਚੁਣਿਆ ਜਾਵੇਗਾ।