Wednesday, June 24
Shadow

ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ ਦੇ ਤਗ਼ਮਾ ਜੇਤੂਆਂ ਨੂੰ ਜਲਦ ਸਨਮਾਨਿਤ ਕੀਤਾ ਜਾਵੇਗਾ – ਆਰਤੀ ਸਿੰਘ ਰਾਓ

ਚੰਡੀਗੜ੍ਹ, 24 ਜੂਨ – ਹਰਿਆਣਾ ਦੀ ਸਿਹਤ ਮੰਤਰੀ ਅਤੇ ਪੈਰਾ ਸਪੋਰਟਸ ਐਸੋਸੀਏਸ਼ਨ ਆਫ਼ ਹਰਿਆਣਾ ਦੀ ਚੇਅਰਪਰਸਨ ਆਰਤੀ ਸਿੰਘ ਰਾਓ ਨੇ ਕਿਹਾ ਕਿ ਜਨਵਰੀ 2026 ਵਿੱਚ ਆਯੋਜਿਤ ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ, ਚਾਂਦੀ ਅਤੇ ਕਾਂਸੀ ਦੇ ਤਗ਼ਮੇ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਜਲਦੀ ਹੀ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕਰਕੇ ਸਨਮਾਨਿਤ ਕੀਤਾ ਜਾਵੇਗਾ।

ਆਰਤੀ ਸਿੰਘ ਰਾਓ ਅੱਜ ਚੰਡੀਗੜ੍ਹ ਵਿੱਚ “ਪੈਰਾ ਸਪੋਰਟਸ ਐਸੋਸੀਏਸ਼ਨ ਆਫ਼ ਹਰਿਆਣਾ” ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਇਸ ਮੌਕੇ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਤਿੰਨ ਸਾਲਾਂ ਦਾ ਕਾਰਜਕਾਲ ਪੂਰਾ ਹੋਣ ਬਾਅਦ ਨਵੀਂ ਗਵਰਨਿੰਗ ਬਾਡੀ ਦੇ ਗਠਨ ਲਈ ਚੋਣਾਂ ਕਰਵਾਉਣ ਦੇ ਵਿਸ਼ੇ ‘ਤੇ ਵਿਸਤਾਰ ਚਰਚਾ ਕੀਤੀ ਗਈ। ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਸਤੰਬਰ 2026 ਵਿੱਚ ਹਰਿਆਣਾ ਰਾਜ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਜਾਵੇਗੀ।

ਆਰਤੀ ਸਿੰਘ ਰਾਓ ਨੇ ਦੱਸਿਆ ਕਿ ਰਾਸ਼ਟਰੀ ਪੱਧਰ ‘ਤੇ ਤਗ਼ਮੇ ਪ੍ਰਾਪਤ ਕਰਨ ਵਾਲੇ ਸਾਰੇ ਪੈਰਾ ਖਿਡਾਰੀਆਂ ਦੇ ਨਕਦ ਇਨਾਮ ਜਲਦੀ ਜਾਰੀ ਕਰਵਾਉਣ ਲਈ ਖੇਡ ਮੰਤਰਾਲੇ ਨੂੰ ਪੱਤਰ ਲਿਖਿਆ ਜਾਵੇਗਾ, ਤਾਂ ਜੋ ਖਿਡਾਰੀਆਂ ਨੂੰ ਉਨ੍ਹਾਂ ਦਾ ਮਾਣ ਅਤੇ ਪ੍ਰੋਤਸਾਹਨ ਸਮੇਂ ਸਿਰ ਮਿਲ ਸਕੇ।

ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਹਰਿਆਣਾ ਰਾਸ਼ਟਰੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਲਗਾਤਾਰ ਚੈਂਪੀਅਨ ਬਣ ਰਿਹਾ ਹੈ, ਜੋ ਸੂਬੇ ਦੇ ਖਿਡਾਰੀਆਂ ਅਤੇ ਕੋਚਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਇਸ ਉਪਲੱਬਧੀ ਲਈ ਸਾਰੇ ਖਿਡਾਰੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਮੀਟਿੰਗ ਵਿੱਚ ਜਨਰਲ ਸਕੱਤਰ ਜੋਤੀ ਕੁਮਾਰ ਛਾਬੜਾ ਨੇ ਪਿਛਲੇ ਸਾਲ 2025-26 ਦੌਰਾਨ ਆਯੋਜਿਤ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ, ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ, ਪੈਰਾ ਸਵੀਮਿੰਗ ਚੈਂਪੀਅਨਸ਼ਿਪ ਅਤੇ ਭੁਵਨੇਸ਼ਵਰ ਅਤੇ ਚੇਨਈ ਵਿੱਚ ਆਯੋਜਿਤ ਜੂਨੀਅਰ ਅਤੇ ਸੀਨੀਅਰ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦਾ ਵਿਸਤਾਰ ਵੇਰਵਾ ਦਿੱਤਾ।

ਇਸ ਮੌਕੇ ਪੈਰਾ ਪਾਵਰਲਿਫਟਿੰਗ ਦੇ ਚੇਅਰਮੈਨ ਅਭਿਜੀਤ ਸਿੰਘ, ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸੰਸਥਾਪਕ ਗਿਰੀਰਾਜ ਸਿੰਘ, ਖਜ਼ਾਨਚੀ ਪਵਨ ਕੁਮਾਰ, ਪੈਰਾ ਸਪੋਰਟਸ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਧਰਮਿੰਦਰ ਸਿੰਘ, ਭੀਮ ਸਿੰਘ ਅਤੇ ਸਲੋਨੀ ਕੁਮਾਰੀ ਮੌਜੂਦ ਸਨ।