Tuesday, June 16
Shadow

ਭੂਰੀਵਾਲੇ ਪਰੰਪਰਾ ਤਹਿਤ ਜਾਤੀ, ਧਰਮ ਤੇ ਫਿਰਕਾਪ੍ਰਸਤੀ ਦਾ ਪਾੜਾ ਖਤਮ ਕਰਨ ’ਤੇ ਜ਼ੋਰ ਦੇਣਾ ਸਲਾਘਾਯੋਗ – ਜਸਵੀਰ ਸਿੰਘ ਗੜ੍ਹੀ

ਲੁਧਿਆਣਾ, 16 ਜੂਨ (000) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਵੱਲੋਂ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾ ਦਾ ਸਾਂਝੀਵਾਲਤਾ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਜਾਤੀ, ਧਰਮ ਤੇ ਫਿਰਕਾਪ੍ਰਸਤੀ ਦਾ ਪਾੜਾ ਖਤਮ ਕਰਨ ’ਤੇ ਵੀ ਜ਼ੋਰ ਦਿੱਤਾ।

ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ, ਧਾਰਮਿਕ ਤੇ ਸਮਾਜ ਸੇਵੀ ਸ਼ਖਸ਼ੀਅਤ ਵੇਦਾਂਤਾ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲੇ (ਮੌਜੂਦਾ ਗੱਦੀ ਨਸ਼ੀਨ) ਦੀ ਸਰਪ੍ਰਸਤੀ ਹੇਠ ਰਕਬਾ ਧਾਮ, ਮੁੱਲਾਂਪੁਰ (ਲੁਧਿਆਣਾ) ਵਿਖੇ  ਅੱਜ ਸ੍ਰੀ ਸ੍ਰੀ 1008 ਬ੍ਰਹਮਲੀਨ ਸਤਿਗੁਰੂ ਲਾਲ ਦਾਸ ਜੀ ਮਹਾਰਾਜ ਭੂਰੀਵਾਲਿਆਂ ਜੀ ਦੇ ਅਵਤਾਰ ਦਿਵਸ ਮੌਕੇ ਨਤਮਸਤਕ ਹੋਏ। ਉਨ੍ਹਾਂ ਪੰਗਤ ਵਿੱਚ ਬੈਠ ਕੇ ਆਈਆਂ ਹੋਈਆਂ ਸੰਗਤਾਂ ਦੇ ਨਾਲ ਲੰਗਰ ਵੀ ਛੱਕਿਆ।

ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਦਾ ਸਮਾਗਮ ਵਿੱਚ ਪਹੁੰਚਣ ਤੇ ਵੇਦਾਂਤਾ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਸੰਗਤ ਵਿੱਚ ਬੈਠ ਕੇ ਅਧਿਆਤਮਿਕ ਪ੍ਰਵਚਨ ਸਰਵਣ ਕੀਤੇ ਗਏ।

ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਗੜ੍ਹੀ ਨੇ ਕਿਹਾ ਕਿ ਰਕਬਾ ਧਾਮ, ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦਾ ਇਹ ਮਹਾਨ ਆਸ਼ਰਮ ਮਹਾਰਾਜ ਲਾਲ ਜੀ ਦਾਸ ਰਕਬੇ ਵਾਲਿਆਂ ਦਾ ਜਨਮ ਅਸਥਾਨ ਵੀ ਹੈ।  ਚੇਅਰਮੈਨ ਗੜ੍ਹੀ ਨੇ ਦੱਸਿਆ ਕਿ ਗਊਆਂ ਵਾਲੇ ਮਹਾਰਾਜ ਬ੍ਰਹਮਾ ਨੰਦ ਜੀ ਨੇ ਜਿੱਥੇ ਲੋੜਵੰਦਾਂ ਲਈ ਵਿਦਿਆ ਦਾ ਲੰਗਰ, ਗਊ-ਗਰੀਬ ਦੀ ਰੱਖਿਆ ਲਈ ਅੱਗੇ ਆਏ, ਮਰੀਜ਼ਾਂ ਲਈ ਹਸਪਤਾਲ ਖੋਲਣ ਦੀ ਪਰੰਪਰਾ ਸ਼ੁਰੂ ਕੀਤੀ ਉੱਥੇ ਇਸ ਪਰੰਪਰਾ ਨੂੰ ਹੁਣ ਮਹਾਰਾਜ ਚੇਤਨਾ ਨੰਦ ਜੀ ਭੂਰੀ ਵਾਲੇ ਅੱਗੇ ਵਧਾ ਰਹੇ ਹਨ ਜਿਨ੍ਹਾਂ ਦੀ ਸਰਪ੍ਰਸਤੀ ਹੇਠ 5 ਡਿਗਰੀ ਕਾਲਜ, 5 ਪ੍ਰਾਇਮਰੀ ਸਕੂਲ ਅਤੇ ਲੜਕੀਆਂ ਲਈ ਮੁਫਤ ਸਿੱਖਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ, ਉੱਤਰ ਭਾਰਤ ਦੇ ਸਭ ਤੋਂ ਵੱਡੇ ਹਸਪਤਾਲ ਪੀ.ਜੀ.ਆਈ. ਜਿੱਥੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੋਂ ਲੱਖਾਂ ਲੋਕ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ ਉੱਥੇ ਸਾਲ 2016 ਤੋਂ ਲਗਾਤਾਰ ਲੰਗਰ ਭੇਜਿਆ ਜਾ ਰਿਹਾ ਹੈ ਅਤੇ ਲੋੜਵੰਦ ਮਰੀਜਾਂ ਲਈ ਪੀ.ਜੀ.ਆਈ ਤੱਕ ਮੁਫਤ ਬੱਸ ਸੇਵਾ ਚਲਾਈ ਜਾ ਰਹੀ ਹੈ ਜੋਕਿ ਇੱਕ ਵੱਡੀ ਪ੍ਰਾਪਤੀ ਹੈ।

ਉਨ੍ਹਾਂ ਬੀਤੀ ਰਾਤ ਆਚਾਰੀਆ ਚੇਤਨਾ ਨੰਦ ਜੀ ਦੇ ਮੁਖਾਰਬਿੰਦ ਤੋਂ ਸੁਣੇ ਸਤਸੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸਾਡੇ ਗੁਰੂਆਂ ਵਿੱਚ ਕੋਈ ਜਾਤ-ਪਾਤ ਦਾ ਭੇਦ ਨਹੀਂ ਹੈ ਤਾਂ ਸੰਗਤ ਵਿੱਚ ਜਾ ਸਾਧੂ ਸੰਤਾਂ ਨੂੰ ਮੰਨਣ ਵਾਲੇ ਲੋਕਾਂ ਵਿੱਚ ਵੀ ਵਖਰੇਵਾਂ ਨਹੀਂ ਹੋਣਾ ਚਾਹੀਦਾ।  ਉਨ੍ਹਾਂ ਸਪੱਸ਼ਟ ਕੀਤਾ ਕਿ ਸਾਨੂੰ ਫਿਰਕਾਪ੍ਰਸਤੀ, ਭੇਦਭਾਵ ਤੋਂ ਉੱਪਰ ਉੱਠ ਕੇ ਲੋਕ ਭਲਾਈ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸਮਾਜ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।

ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਵੱਲੋਂ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ ਸਾਲ 2010-11 ਵਿੱਚ, ਹਰ-ਘਰ ਗਊ ਰੱਖੋ ਅੰਦੋਲਨ, ਸਾਦੇ ਵਿਆਹ ਸਮਾਗਮ, ਹਰ ਵਰਗ ਦੀ ਧੀ-ਭੈਣ ਨੂੰ ਸਿੱਖਿਆ ਦੇ ਬਰਾਬਰ ਮੌਕੇ ਅਤੋ ਹੋਰ ਸਮਾਜ ਭਲਾਈ ਕਾਰਜ਼ਾਂ ਦੀ ਵੀ ਸ਼ਲਾਘਾ ਕੀਤੀ।

ਇਸ ਮੌਕੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ, ਨਗਰ ਨਿਗਮ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ।