
ਚੰਡੀਗੜ੍ਹ: ਟੀਮ ਇੰਡੀਆ ਲਈ ਇੱਕ ਦਿਨਾ ਫਾਰਮੈਟ ਵਿੱਚ ਪਿਛਲੇ ਸਾਲਾਂ ਦੌਰਾਨ ਮੱਧਕ੍ਰਮ ਵਿੱਚ ਰੀੜ ਦੀ ਹੱਡੀ ਵਜੋਂ ਸਥਾਪਿਤ ਹੋਏ ਧਾਕੜ ਬੱਲੇਬਾਜ਼ ਸ਼੍ਰੇਅਸ ਅਈਅਰ ਹੁਣ ਟੀ 20 ਦੀ ਕਪਤਾਨੀ ਲਈ ਭਾਰਤੀ ਟੀਮ ਦੇ ਚੋਣਕਾਰਾਂ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆਏ ਹਨ। ਪੰਜਾਬ ਕਿੰਗਜ਼ ਨੂੰ ਸਾਲ 2025 ਦੇ ਆਈਪੀਐਲ ਫਾਈਨਲ ਤੱਕ ਪਹੁੰਚਾਉਣ ਵਾਲੇ ਕਪਤਾਨ ਸ਼੍ਰੇਅ ਅਈਅਰ ਨੂੰ ਟੀਮ ਇੰਡੀਆ ਦੀ ਟੀ 20 ਟੀਮ ਵਿੱਚ ਮੁਸ਼ਕਲ ਨਾਲ ਖੇਡਣ ਦਾ ਮੌਕਾ ਮਿਲਿਆ ਪਰ ਹੁਣ ਅਈਅਰ ਨੇ ਪ੍ਰਦਰਸ਼ਨ ਦੇ ਦਮ ਉੱਤੇ ਸਾਰੇ ਦਰਵਾਜ਼ੇ ਤੋੜਦਿਆਂ ਟੀਮ ਇੰਡੀਆ ਦੀ ਕਪਤਾਨੀ ਲਈ ਮਜ਼ਬੂਤ ਦਾਅਵੇਦਾਰੀ ਠੋਕ ਦਿੱਤੀ ਹੈ।
ਮੁੰਬਈਕਰ ਸ਼੍ਰੇਅਸ ਅਈਅਰ ਦਾ ਸਫ਼ਰ:
ਮੁੰਬਈ ਦੇ ਮਹਾਂਨਗਰ ਨੇ ਹਮੇਸ਼ਾ ਉੱਚ ਯੋਗਤਾ ਵਾਲੇ ਬੱਲੇਬਾਜ਼ ਪੈਦਾ ਕੀਤੇ ਹਨ ਅਤੇ ਸ਼੍ਰੇਅਸ ਅਈਅਰ ਵੀ ਇੱਕ ਅਜਿਹਾ ਖਿਡਾਰੀ ਹੈ ਜਿਸ ਦੀ ਕੁਦਰਤੀ ਯੋਗਤਾ ਹਰ ਵਾਰ ਜਦੋਂ ਉਹ ਹੱਥ ਵਿੱਚ ਬੱਲਾ ਲੈ ਕੇ ਮੈਦਾਨ ‘ਤੇ ਆਉਂਦਾ ਹੈ ਤਾਂ ਦਿਖਾਈ ਦਿੰਦੀ ਹੈ। 6 ਦਸੰਬਰ 1994 ਨੂੰ ਮੁੰਬਈ ਵਿੱਚ ਜਨਮੇ, ਸ਼੍ਰੇਅਸ ਅਈਅਰ ਨੇ ਆਪਣੇ ਆਪ ਨੂੰ ਭਾਰਤੀ ਕ੍ਰਿਕਟ ਵਿੱਚ ਸਭ ਤੋਂ ਵਧੀਆ ਮੱਧ-ਕ੍ਰਮ ਦੇ ਬੱਲੇਬਾਜ਼ਾਂ ਵਿੱਚ ਇੱਕ ਵਜੋਂ ਸਥਾਪਿਤ ਕੀਤਾ ਹੈ। ਸ਼੍ਰੇਅਸ ਨੇ ਛੋਟੀ ਉਮਰ ਵਿੱਚ ਹੀ ਆਪਣਾ ਕ੍ਰਿਕਟ ਕਰੀਅਰ ਸ਼ੁਰੂ ਕਰ ਦਿੱਤਾ ਸੀ ਅਤੇ ਭਾਰਤੀ ਟੀਮ ਲਈ ਇੱਕ ਪ੍ਰਮੁੱਖ ਬੱਲੇਬਾਜ਼ ਬਣਨ ਲਈ ਦ੍ਰਿੜ ਸੀ।
‘ਟੀਮ ਇੰਡੀਆ ਲਈ ਸ਼ਾਨਦਾਰ ਪ੍ਰਦਰਸ਼ਨ’
ਅਈਅਰ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਮਹੱਤਵਪੂਰਨ ਸਥਾਨ ਬਣਾਇਆ ਹੈ ਅਤੇ ਨੰਬਰ 4 ‘ਤੇ ਇਕ ਦਿਨਾ ਫਾਰਮੈਟ ਵਿੱਚ ਆਪਣੇ ਲਈ ਇੱਕ ਸਥਾਈ ਜਗ੍ਹਾ ਬਣਾਈ। ਸ਼੍ਰੇਅਸ ਨੇ ਆਈਸੀਸੀ ਵਿਸ਼ਵ ਕੱਪ 2023 ਵਿੱਚ ਬੱਲੇਬਾਜ਼ੀ ਕਰਦਿਆਂ ਸੈਮੀਫਾਈਨਲ ਅੰਦਰ ਇੱਕ ਸੈਂਕੜਾ ਲਗਾਉਣ ਦੇ ਨਾਲ-ਨਾਲ 530 ਦੌੜਾਂ ਬਣਾਈਆਂ। ਅਈਅਰ ਭਾਰਤ ਨੂੰ 2023 ਇੱਕ ਦਿਨਾਂ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਾਉਣ ਦੇ ਸਫਰ ਦੌਰਾਨ ਮਹੱਤਵਪੂਰਨ ਬੱਲੇਬਾਜ਼ ਮੱਧਕ੍ਰਮ ਵਿੱਚ ਸਾਬਤ ਹੋਇਆ ਸੀ।
‘IPL ਵਿੱਚ ਕਪਤਾਨ ਵਜੋਂ ਖੱਟਿਆ ਨਾਮਣਾ’
ਸ਼੍ਰੇਅਸ ਅਈਅਰ ਨੇ ਟਾਟਾ ਆਈਪੀਐਲ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਕਪਤਾਨਾਂ ਵਿੱਚੋਂ ਇੱਕ ਵਜੋਂ ਪ੍ਰਸਿੱਧੀ ਖੱਟੀ ਹੈ, ਉਹ ਤਿੰਨ ਵੱਖ-ਵੱਖ ਫ੍ਰੈਂਚਾਇਜ਼ੀ ਨੂੰ ਫਾਈਨਲ ਵਿੱਚ ਲੈ ਜਾਣ ਵਾਲਾ ਇੱਕਲੌਤਾ ਖਿਡਾਰੀ ਬਣ ਗਿਆ ਹੈ। ਲੀਡਰਸ਼ਿਪ ਯੋਗਤਾ, ਲਗਾਤਾਰ ਬੱਲੇਬਾਜ਼ੀ ਵਿੱਚ ਚੋਟੀ ਦਾ ਪ੍ਰਦਰਸ਼ਨ, ਅਈਅਰ ਨੂੰ IPL ਵਿੱਚ ਸਭ ਤੋਂ ਵੱਧ ਡਿਮਾਂਡ ਵਿੱਚ ਰਹਿਣ ਵਾਲੇ ਖਿਡਾਰੀਆਂ ਵਿੱਚੋਂ ਇੱਕ ਬਣਾ ਦਿੱਤਾ ਹੈ।
IPL ਵਿੱਚ ਸ਼੍ਰੇਅਸ ਅਈਅਰ ਦਾ ਇਤਿਹਾਸਕ ਸਫ਼ਰ:
ਸ਼੍ਰੇਅਸ ਅਈਅਰ ਨੇ ਘਰੇਲੂ ਕ੍ਰਿਕਟ ਵਿੱਚ ਆਪਣਾ ਜਲਵਾ ਵਿਖੇਰਨ ਤੋਂ ਬਾਅਦ ਸਾਲ 2015 ਵਿੱਚ ਦਿੱਲੀ ਕੈਪੀਟਲਸ ਨਾਲ ਇੱਕ ਅਨਕੈਪਡ ਖਿਡਾਰੀ ਦੇ ਰੂਪ ਵਿੱਚ ਆਪਣੀ ਆਈਪੀਐਲ ਯਾਤਰਾ ਸ਼ੁਰੂ ਕੀਤੀ ਅਤੇ ਤੁਰੰਤ ਪ੍ਰਭਾਵ ਬਣਾਇਆ। ਅਈਅਰ ਨੇ 439 ਦੌੜਾਂ ਬਣਾ ਕੇ ਐਮਰਜਿੰਗ ਪਲੇਅਰ ਆਫ ਦਿ ਸੀਜ਼ਨ ਦਾ ਇਨਾਮ ਜਿੱਤਿਆ। 2018 ਤੱਕ ਆਉਂਦੇ ਆਉਂਦੇ ਅਈਅਰ ਨੂੰ ਗੌਤਮ ਗੰਭੀਰ ਦੀ ਥਾਂ ਕਪਤਾਨੀ ਸੌਂਪੀ ਗਈ ਅਤੇ ਕਪਤਾਨ ਵਜੋਂ ਆਪਣੇ ਪਹਿਲੇ ਮੈਚ ਵਿੱਚ ਹੀ ਉਸ ਨੇ 40 ਗੇਂਦਾਂ ਵਿੱਚ ਨਬਾਦ 93 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ ਨੇ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਹੇਠ 26 ਮਈ 2024 ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜਾ IPL ਖਿਤਾਬ ਜਿੱਤਿਆ। ਇਹ ਸ਼੍ਰੇਅਸ ਅਈਅਰ ਦਾ ਕਪਤਾਨ ਵਜੋਂ ਪਹਿਲਾ IPL ਖਿਤਾਬ ਸੀ।
‘ਕਪਤਾਨੀ ਨਾਲ ਸਭ ਨੂੰ ਕੀਤਾ ਪ੍ਰਭਾਵਿਤ’
ਅਈਅਰ ਦੀ ਲੀਡਰਸ਼ਿਪ ਮੰਗ 2025 ਦੀ ਮੈਗਾ ਨਿਲਾਮੀ ਵਿੱਚ ਸਿਖਰ ‘ਤੇ ਪਹੁੰਚ ਗਈ, ਜਿੱਥੇ ਪੰਜਾਬ ਕਿੰਗਜ਼ ਨੇ ਉਸ ਨੂੰ 26.75 ਕਰੋੜ ਰੁਪਏ ਵਿੱਚ ਖਰੀਦਿਆ, ਜਿਸ ਨਾਲ ਉਹ ਆਈਪੀਐਲ ਇਤਿਹਾਸ ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਉਸ ਨੇ 50.33 ਦੀ ਔਸਤ ਨਾਲ 604 ਦੌੜਾਂ ਬਣਾ ਕੇ ਪੰਜਾਬ ਨੂੰ ਫਾਈਨਲ ਵਿੱਚ ਪਹੁੰਚਾ ਕੇ ਵਿਸ਼ਵਾਸ ਨੂੰ ਹੋਰ ਡੂੰਘਾ ਕੀਤਾ। ਆਪਣੀ ਆਈਪੀਐਲ ਸਫਲਤਾ ਦੇ ਨਾਲ ਅਈਅਰ ਟੀਮ ਇੰਡੀਆ ਲਈ ਲਗਭਗ ਸਾਰੇ ਫਾਰਮੈਟਾਂ ਵਿੱਚ ਇੱਕ ਭਰੋਸੇਯੋਗ ਖਿਡਾਰੀ ਵਜੋਂ ਸਥਾਪਿਤ ਹੋਇਆ, ਜਿਸ ਨਾਲ ਮੱਧ ਕ੍ਰਮ ਵਿੱਚ ਡੂੰਘਾਈ ਅਤੇ ਸਥਿਰਤਾ ਆਈ। ਆਈਪਐਲ 2026 ਵਿੱਚ ਪੰਜਾਬ ਕਿੰਗਜ਼ ਭਾਵੇਂ ਆਪਣੇ ਸਫਰ ਨੂੰ ਸਹੀ ਤਰੀਕੇ ਅੰਜਾਮ ਨਹੀਂ ਦੇ ਸਕੀ ਪਰ ਕਪਤਾਨ ਸ਼੍ਰੇਅਸ ਅਈਅਰ ਦੀ ਜ਼ਬਰਦਸਤ ਬੱਲੇਬਾਜ਼ੀ ਅਤੇ ਅਗਵਾਈ ਨੇ ਟੂਰਨਾਮੈਂਟ ਦੇ ਪਹਿਲੇ 7 ਮੈਚਾਂ ਵਿੱਚ ਟੀਮ ਨੂੰ ਨੰਬਰ ਇੱਕ ਉੱਤੇ ਬਣਾਈ ਰੱਖਿਆ ਸੀ।