Wednesday, June 3
Shadow

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਏ.ਐਫ.ਸੀ.ਏ.ਟੀ. ਵਿੱਚ  ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ ; ਦੋਵਾਂ ਕੈਡਿਟਾਂ ਨੇ ਸੀ.ਡੀ.ਐਸ. ਪ੍ਰੀਖਿਆ ਵੀ ਕੀਤੀ ਪਾਸ

ਚੰਡੀਗੜ੍ਹ, 3 ਜੂਨ: ਇੱਕ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ. ਮੋਹਾਲੀ ਦੇ 10ਵੇਂ ਕੋਰਸ ਦੇ ਦੋ ਕੈਡਿਟਾਂ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (ਏ.ਐਫ.ਸੀ.ਏ.ਟੀ.) -2 ਪ੍ਰੀਖਿਆ ਵਿੱਚ ਆਲ-ਇੰਡੀਆ ਦੂਜਾ ਅਤੇ ਛੇਵਾਂ ਰੈਂਕ ਪ੍ਰਾਪਤ ਕੀਤਾ ਹੈ।

ਇਕ ਵੱਕਾਰੀ ਪ੍ਰਾਪਤੀ ਵਜੋਂ ਜ਼ਿਲ੍ਹਾ ਰੋਪੜ ਦੇ ਸਰਕਾਰੀ ਸਕੂਲ ਅਧਿਆਪਕ ਦੇ ਪੁੱਤਰ ਸੁਖਰਾਜ ਸਿੰਘ ਹੀਰਾ ਨੇ ਪੂਰੇ ਦੇਸ਼ ਵਿੱਚੋਂ ਦੂਜਾ  ਅਤੇ ਪਠਾਨਕੋਟ ਦੇ ਕੈਡਿਟ ਜਸਨੂਰ ਸਿੰਘ ਨੇ 6ਵਾਂ ਰੈਂਕ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਦੋਵੇਂ ਕੈਡਿਟ ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਕੰਬਾਈਨਡ ਡਿਫੈਂਸ ਸਰਵਿਸਿਜ਼ (ਸੀਡੀਐਸ) ਕੋਰਸਾਂ ਲਈ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ। ਸੀਡੀਐਸ ਮੈਰਿਟ ਸੂਚੀ ਵਿੱਚ, ਜਸਨੂਰ ਸਿੰਘ ਨੇ ਹਵਾਈ ਸੈਨਾ ਸ਼੍ਰੇਣੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸੁਖਰਾਜ ਸਿੰਘ ਹੀਰਾ ਨੇ ਆਰਮੀ ਦੀ ਮੈਰਿਟ ਸੂਚੀ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਏ.ਐਫ.ਸੀ.ਏ.ਟੀ. ਅਤੇ ਸੀਡੀਐਸ ਵਿੱਚ ਇਹਨਾਂ ਹੋਣਹਾਰਾਂ ਦੀ ਦੋਹਰੀ ਸਫਲਤਾ ਸੰਸਥਾ ਵਿੱਚ ਦਿੱਤੀ ਗਈ ਸਖ਼ਤ ਸਿਖਲਾਈ ਅਤੇ ਸੁਚੱਜੀ ਸਲਾਹ ਦਾ ਪ੍ਰਤੱਖ ਪ੍ਰਮਾਣ ਹੈ।

ਦੋਵਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਦੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਦ੍ਰਿੜਤਾ ਦਾ ਸਪੱਸ਼ਟ ਸਬੂਤ ਹੈ। ਸੁਖਰਾਜ ਅਤੇ ਜਸਨੂਰ ਨੇ ਪੂਰੇ ਸੂਬੇ ਦਾ ਮਾਣ ਵਧਾਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਐਮ.ਆਰ.ਐਸ.ਏ.ਐਫ.ਪੀ.ਆਈ. ਅਤੇ ਮਾਈ ਭਾਗੋ ਏ.ਐਫ.ਪੀ.ਆਈ. ਵਰਗੀਆਂ ਡਿਫੈਂਸ ਸਿਖਲਾਈ ਅਕੈਡਮੀਆਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਤਾਂ ਜੋ ਸਾਧਾਰਨ ਪਿਛੋਕੜ ਵਾਲੇ ਹੋਰ ਨੌਜਵਾਨ ਵੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਹਾਸਲ ਕਰ ਸਕਣ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਨੌਜਵਾਨਾਂ ਲਈ ਨੌਕਰੀਆਂ ਅਤੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲਿਆਂ ਨੂੰ ਵਰਦੀ ਦੇ ਹਾਣ ਦਾ ਬਣਾਉਣਾ ਹੈ।

ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਦੋਵਾਂ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦੇ ਲਗਭਗ 24 ਕੈਡਿਟਾਂ ਨੂੰ ਦੇਸ਼ ਭਰ ਦੀਆਂ ਸਿਖਲਾਈ ਅਕੈਡਮੀਆਂ ਵਿੱਚ ਜਲਦੀ ਹੀ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਇਨਿੰਗ ਲੈਟਰ ਪ੍ਰਾਪਤ ਹੋਣ ਦੀ ਪ੍ਰਕਿਰਿਆ ਚੱਲ ਰਹੀ ਹੈ।